ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਚਾਰ ਜਣਿਆਂ ਨੂੰ ਕੀਤਾ ਕਾਬੂ, ਤਿੰਨ ਫਰਾਰ

Murder Case

(ਜਸਵੰਤ ਰਾਏ) ਜਗਰਾਓਂ। ਕੁੱਝ ਦਿਨ ਪਹਿਲਾਂ ਨੇੜਲੇ ਪਿੰਡ ਡੱਲਾ ਵਿਖੇ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਜਗਰਾਓਂ ਪੁਲਿਸ ਵੱਲੋਂ ਮਾਮਲੇ ’ਚ ਨਾਮਜ਼ਦ 7 ’ਚੋਂ 4 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਦੋਂਕਿ 3 ਹਾਲੇ ਵੀ ਫਰਾਰ ਹਨ। ਇਸ ਸਬੰਧੀ ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ, ਐੱਸਪੀ ਮਨਵਿੰਦਰ ਬੀਰ ਸਿੰਘ, ਥਾਣਾ ਰਾਏਕੋਟ ਦੇ ਡੀਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਮਹਿਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਦੋਵੇਂ ਲੜਕੇ ਆਪਣੇ ਦੋਸਤ ਸੁਖਪ੍ਰੀਤ ਸਿੰਘ ਉਰਫ ਮਿਸਰੀ ਵਾਸੀ ਡੱਲਾ ਦੇ ਨਾਲ ਟੈਂਟ ਦਾ ਕੰਮ ਕਰਦੇ ਸੀ। (Murder Case)

ਸੁਖਪ੍ਰੀਤ ਸਿੰਘ ਉਰਫ ਮਿਸਰੀ ਵੱਲੋਂ ਬੀਤੀ 4 ਤਾਰੀਖ਼ ਨੂੰ ਆਪਣੇ ਭਾਣਜੇ ਦੇ ਜਨਮ ਦਿਨ ਦਾ ਬਹਾਨਾ ਬਣਾ ਕੇ ਬੁਲਾਉਣ ’ਤੇ ਬਲਜੀਤ ਸਿੰਘ ਦੋਸਤ ਰਾਜ ਕੁਮਾਰ ਵਗੈਰਾ ਦੇ ਨਾਲ ਪਿੰਡ ਡੱਲਾ ਵਿਖੇ ਗਿਆ ਸੀ। ਜਿੱਥੇ ਸੁਖਪ੍ਰੀਤ ਸਿੰਘ ਉਰਫ ਮਿਸਰੀ ਅਤੇ ਸਮੀਰ ਸਿੰਘ ਵੱਲੋਂ ਉਕਤ ਨਾਲ ਹੋਈ ਗਾਲੀ ਗਲੋਚ ਦੀ ਰੰਜਿਸ਼ ਤਹਿਤ ਆਪਣੇ ਸਾਥੀਆਂ ਨਾਲ ਉਕਤ ਦੋਵੇਂ ਲੜਕਿਆਂ ਨੂੰ ਆਪਣੇ ਪਿੰਡ ਡੱਲਾ ਵਿਖੇ ਬੁਲਾ ਕੇ ਤੇਜ ਹਥਿਆਰਾਂ ਨਾਲ ਸੱਟਾਂ ਮਾਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਬਲਜੀਤ ਸਿੰਘ ਜ਼ਖਮੀ ਹਾਲਤ ’ਚ ਰਾਏਕੋਟ ਤੋਂ ਮੱਲ੍ਹਮ ਪੱਟੀ ਕਰਵਾਉਣ ਉਪਰੰਤ ਆਪਣੇ ਦੋਸਤ ਦੇ ਪਿੰਡ ਝੋਰੜਾਂ ਚਲਾ ਗਿਆ ਜੋ ਅਗਲੇ ਦਿਨ ਆਪਣੇ ਪਿੰਡ ਗਿੱਦੜਵਿੰਡੀ ਆ ਗਿਆ।

ਇਹ ਵੀ ਪੜ੍ਹੋ : Israel Hamas War: ਇਜ਼ਰਾਈਲੀ ਹਵਾਈ ਹਮਲਿਆਂ ’ਚ 13 ਬੰਧਕ ਮਾਰੇ ਗਏ: ਅਲ-ਕਸਮ ਬ੍ਰਿਗੇਡਜ਼

ਅਗਲੇ ਦਿਨ ਹੀ ਬਲਜੀਤ ਸਿੰਘ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਮੁੱਦਈ ਮਹਿਲ ਸਿੰਘ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਗਿਆ ਜਿੱਥੋਂ ਡਾਕਟਰਾਂ ਨੇ ਬਲਜੀਤ ਸਿੰਘ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਅਤੇ ਉੱਥੇ ਜਾ ਕੇ ਬਲਜੀਤ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਥਾਣਾ ਹਠੂਰ ਦੇ ਮੁੱਖ ਅਫਸਰ ਸੁਰਜੀਤ ਸਿੰਘ ਦੀ ਟੀਮ ਨੇ ਥਾਣਾ ਹਠੂਰ ਦੇ ਏਰੀਏ ਵਿੱਚ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਮੁਕੱਦਮੇ ਵਿੱਚ ਨਾਮਜ਼ਦ 7 ਵਿਅਕਤੀਆਂ ਵਿੱਚੋਂ ਅਜੈ ਸਿੰਘ, ਦਲਜੀਤ ਸਿੰਘ ਉਰਫ ਪਿਲਾ, ਕੁਲਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਉਰਫ ਮਿਸਰੀ ਵਾਸੀ ਪਿੰਡ ਡੱਲਾ ਨੂੰ 36 ਘੰਟਿਆਂ ਦੇ ਅੰਦਰ ਗਿ੍ਰਫਤਾਰ ਕਰ ਲਿਆ ਹੈ। ਜਦ ਕਿ ਇਨ੍ਹਾਂ ਦੇ ਦਿਲਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਸਮੀਰ ਸਿੰਘ ਵਾਸੀ ਡੱਲਾ ਹਾਲੇ ਫਰਾਰ ਹਨ ਜਿੰਨ੍ਹਾਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ। (Murder Case)