ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ਕਹਿਣਾ, ਨਹੀਂ ਮਿਲ ਰਹੀਆਂ ਦਵਾਈਆਂ, ਔਖੀ ਘੜੀ ‘ਚ ਡਿਸਪੈਂਸਰੀਆਂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀਆਂ 1186 ਪੇਂਡੂ ਡਿਸਪੈਂਸਰੀਆਂ ‘ਚ ਦਵਾਈ ਦੀ ਸਪਲਾਈ ਨੂੰ ਲੈ ਕੇ ਹੀ ਨਵਾਂ ਵਿਵਾਦ ਹੋ ਗਿਆ ਹੈ। ਇਨ੍ਹਾਂ 1186 ਡਿਸਪੈਂਸਰੀਆਂ ਨੂੰ ਚਲਾਉਣ ਵਾਲੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਦਾਅਵਾ ਹੈ ਕਿ ਡਿਸਪੈਂਸਰੀਆਂ ਇਸ ਸਮੇਂ ਔਖੀ ਘੜੀ ਤੋਂ ਲੰਘ ਰਹੀਆਂ ਹਨ, ਕਿਉਂਕਿ ਪਿਛਲੇ 7-8 ਮਹੀਨੇ ਤੋਂ ਸਿਹਤ ਵਿਭਾਗ ਦਵਾਈ ਦੀ ਸਪਲਾਈ ਹੀ ਨਹੀਂ ਦੇ ਰਿਹਾ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਦਿਨ ਵੀ ਸਪਲਾਈ ਨਹੀਂ ਰੋਕੀ ਗਈ ਤੇ ਪੇਂਡੂ ਡਿਸਪੈਂਸਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੋਵਾਂ ਮੰਤਰੀਆਂ ਦੇ ਵੱਖਰੇ-ਵੱਖਰੇ ਦਾਅਵੇ ਹੋਣ ਕਾਰਨ ਇਹ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਕਿਹੜਾ ਮੰਤਰੀ ਸੱਚ ਬੋਲ ਰਿਹਾ ਹੈ ਤੇ ਕਿਹੜਾ ਮੰਤਰੀ ਝੂਠ ਬੋਲ ਰਿਹਾ ਹੈ।
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ, ਇੱਕ ਦਿਨ ਵੀ ਨਹੀਂ ਰੋਕੀ ਸਪਲਾਈ, ਵਿਤਕਰੇ ਦਾ ਸਵਾਲ ਨਹੀਂ
ਜਾਣਕਾਰੀ ਅਨੁਸਾਰ ਪੰਜਾਬ ‘ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਿੰਡਾਂ ‘ਚ ਲਗਭਗ 1186 ਡਿਸਪੈਂਸਰੀਆਂ ਚਲਾਈ ਜਾ ਰਹੀਆਂ ਹਨ। ਇਨ੍ਹਾਂ ਡਿਸਪੈਂਸਰੀਆਂ ‘ਚ ਦਵਾਈ ਦਾ ਇੰਤਜ਼ਾਮ ਕਰਨ ਦਾ ਜਿੰਮਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿੰਮੇ ਹੈ ਪਰ ਦਵਾਈਆਂ ਦੀ ਸਪਲਾਈ ਪਿਛਲੇ ਕਾਫ਼ੀ ਸਾਲਾਂ ਤੋਂ ਸਿਹਤ ਵਿਭਾਗ ਕਰਦਾ ਆ ਰਿਹਾ ਹੈ। ਹਰ ਡਿਸਪੈਂਸਰੀ ਨੂੰ ਹਰ ਮਹੀਨੇ 4500 ਰੁਪਏ ਦੀ ਦਵਾਈ ਮਿਲਦੀ ਹੈ ਤੇ ਪੇਂਡੂ ਡਿਸਪੈਂਸਰੀ ਨੂੰ ਚਲਾਉਣ ਵਾਲਾ ਡਾਕਟਰ ਖ਼ੁਦ ਆਪਣੇ ਆਪਣੇ ਜ਼ਿਲ੍ਹੇ ਦੇ ਦਵਾਈਆਂ ਦੇ ਵੇਅਰਹਾਊਸ ‘ਚੋਂ ਦਵਾਈਆਂ ਦਾ ਵਾਊਚਰ ਭਰਦੇ ਹੋਏ ਦਵਾਈ ਲੈ ਕੇ ਆ ਸਕਦਾ ਹੈ ਪਰ ਪਿਛਲੇ 2-3 ਸਾਲਾਂ ਤੋਂ ਦਵਾਈ ਸਪਲਾਈ ਨਾਲ ਬਣੀ ਰਕਮ ਦੀ ਅਦਾਇਗੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਾ ਕਰਨ ਦੇ ਚਲਦੇ ਸਿਹਤ ਵਿਭਾਗ ਵੱਲੋਂ ਦਸੰਬਰ 2017 ‘ਚ ਦਵਾਈਆਂ ਦੀ ਸਪਲਾਈ ਕਰਨਾ ਬੰਦ ਕਰ ਦਿੱਤਾ ਗਿਆ ਸੀ।
ਪੰਜਾਬ ਦੀਆਂ 1186 ਡਿਸਪੈਂਸਰੀਆਂ ਨੂੰ ਨਹੀਂ ਮਿਲ ਰਹੀਆਂ ਪਿਛਲੇ 8 ਮਹੀਨੇ ਤੋਂ ਦਵਾਈਆਂ
ਇਸ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਾਫ਼ੀ ਜਿਆਦਾ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਪਰ ਉਨ੍ਹਾਂ ਦੀ ਨਰਾਜ਼ਗੀ ਕਿਸੇ ਕੰਮ ਨਹੀਂ ਆਈ ਤੇ ਹੁਣ ਤੱਕ ਪਿੰਡਾਂ ‘ਚ ਦਵਾਈ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਦੀ ਸਪਲਾਈ ਰੋਕਣ ਦੇ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਬ੍ਰਹਮ ਮਹਿੰਦਰਾ ਕੁਝ ਵੀ ਬੋਲਣ ਪਰ ਨਹੀਂ ਮਿਲ ਰਹੀ ਦਵਾਈ: ਬਾਜਵਾ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਭਾਵੇਂ ਕੁਝ ਮਰਜ਼ੀ ਕਹੀ ਜਾਣ ਪਰ ਸੱਚਾਈ ਇਹ ਹੈ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਔਖੇ ਦੌਰ ‘ਚੋਂ ਨਿਕਲ ਰਹੀਆਂ ਹਨ ਤੇ ਸਿਹਤ ਵਿਭਾਗ ਵੱਲੋਂ ਦਵਾਈ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਉਹ ਪੈਸੇ ਦਾ ਇੰਤਜ਼ਾਮ ਕਰ ਰਹੇ ਹਨ ਤਾਂ ਕਿ ਪੈਸੇ ਦੇ ਕੇ ਸਪਲਾਈ ਲਈ ਜਾਵੇ। ਉਨ੍ਹਾਂ ਬ੍ਰਹਮ ਮਹਿੰਦਰਾ ਦੇ ਦਾਅਵੇ ਬਾਰੇ ਕਿਹਾ ਕਿ ਬ੍ਰਹਮ ਮਹਿੰਦਰਾ ਵੱਡੇ ਲੀਡਰ ਤੇ ਸੀਨੀਅਰ ਮੰਤਰੀ ਹਨ, ਉਨ੍ਹਾਂ ਨੂੰ ਅਧਿਕਾਰੀਆਂ ਨੇ ਗੁੰਮਰਾਹ ਕੀਤਾ ਹੋਣਾ ਹੈ।
ਅਧਿਕਾਰੀ ਮੈਨੂੰ ਨਹੀਂ ਬੋਲ ਸਕਦੇ ਹਨ ਝੂਠ: ਬ੍ਰਹਮ ਮਹਿੰਦਰਾ
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਸਪਲਾਈ ਉਹ ਨਹੀਂ ਰੋਕ ਸਕਦੇ ਕਿਉਂਕਿ ਉਨ੍ਹਾਂ ਨੇ ਵੀ ਪਿੰਡਾਂ ਦੇ ਲੋਕਾਂ ਨੂੰ ਜਵਾਬ ਦੇਣਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁੱਛ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਦਿਨ ਵੀ ਦਵਾਈਆਂ ਦੀ ਸਪਲਾਈ ਨਹੀਂ ਰੋਕੀ ਗਈ ਤੇ ਇਸ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਇੰਜ ਕਿਉਂ ਕਹਿ ਰਹੇ ਹਨ, ਉਹ ਕੁਝ ਨਹੀਂ ਕਹਿ ਸਕਦੇ ਹਨ।
ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਡਿਸਪੈਂਸਰੀਆਂ: ਡਾ. ਅਸਲਮ
ਪੇਂਡੂ ਡਾਕਟਰ ਯੂਨੀਅਨ ਦੇ ਪ੍ਰਧਾਨ ਡਾ. ਅਸਲਮ ਪਰਵੇਜ਼ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਸਿਹਤ ਵਿਭਾਗ ਜਾਣਬੁੱਝ ਕੇ ਤੰਗ ਕਰਦੇ ਹੋਏ ਪਿੰਡਾਂ ਦੇ ਡਾਕਟਰਾਂ ਨੂੰ ਆਪਣੇ ਵਿਭਾਗ ‘ਚ ਲੈ ਕੇ ਆਉਣਾ ਚਾਹੁੰਦਾ ਹੈ। ਇਸ ਲਈ ਪਿਛਲੇ 7-8 ਮਹੀਨੇ ਤੋਂ ਦਵਾਈ ਦੀ ਸਪਲਾਈ ਰੋਕੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ 1 ਜੁਲਾਈ ਤੋਂ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਕਿ ਬ੍ਰਹਮ ਮਹਿੰਦਰਾ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਖ਼ਤਮ ਹੋ ਸਕੇ।