ਅਕਾਲੀ ਦਲ ਨੇ ਹਰ ਔਖੀ ਸੀਟ ਬਸਪਾ ਨੂੰ ਦੇ ਕੇ ਕੀਤਾ ਖੁਸ
- ਬਸਪਾ ਨੂੰ ਦਿੱਤੀਆਂ 9 ਸੀਟਾਂ ਵਿੱਚੋਂ 3 ਸੀਟਾਂ ’ਤੇ ਸਿਰਫ਼ ਇੱਕ ਵਾਰ ਹੀ ਜਿੱਤ ਸਕਿਆ ਅਕਾਲੀ ਦਲ
- ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਹੋਈ 23 ਸੀਟਾਂ ਵਿੱਚੋਂ 11 ਕੀਤੀ ਬਸਪਾ ਹਵਾਲੇ
ਅਸ਼ਵਨੀ ਚਾਵਲਾ, ਚੰਡੀਗੜ। ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਵਿਧਾਨ ਸਭਾ ਸੀਟਾਂ ’ਤੇ ਪਿਛਲੇ 15-20 ਸਾਲਾਂ ਤੋਂ ਜਿੱਤਣ ਦੀ ਕੋਸ਼ਸ਼ ਕਰ ਰਿਹਾ ਸੀ ਅਤੇ ਹਰ ਵਾਰ ਅਕਾਲੀ ਦਲ ਨੂੰ ਹਾਰ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀ, ਉਨਾਂ 9 ਸੀਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਹਵਾਲੇ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਇਨਾਂ 9 ਵਿਧਾਨ ਸਭਾ ਸੀਟਾਂ ਤੋਂ ਪਿਛਲੇ 15-20 ਸਾਲਾਂ ਦੌਰਾਨ ਸਿਰਫ਼ 3 ਸੀਟਾਂ ’ਤੇ ਹੀ 1-1 ਵਾਰ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਇਨਾਂ 3 ਸੀਟਾਂ ’ਤੇ ਵੀ ਅਕਾਲੀ ਦਲ ਦਾ ਕੋਈ ਖਾਸ ਪ੍ਰਭਾਵ ਨਹੀਂ ਰਿਹਾ ਹੈ। ਬਹੁਜਨ ਸਮਾਜ ਪਾਰਟੀ ਦੇ ਖਾਤੇ ਵਿੱਚ ਕਈਆਂ 20 ਸੀਟਾਂ ਵਿੱਚੋਂ ਇਨਾਂ 9 ਸੀਟਾਂ ਨੂੰ ਕੱਢ ਕੇ ਬਾਕੀ ਰਹਿੰਦੀਆਂ 11 ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ ਹੀ ਹਨ, ਜਿਥੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 25 ਸਾਲਾਂ ਦੌਰਾਨ ਨਾ ਹੀ ਕੋਈ ਜਿਆਦਾ ਧਿਆਨ ਦਿੱਤਾ ਸੀ ਅਤੇ ਨਾ ਹੀ ਇਥੇ ਕੋਈ ਜਿਆਦਾ ਪਾਰਟੀ ਮਜ਼ਬੂਤ ਸੰਗਠਨ ਸੀ। ਜਿਸ ਕਾਰਨ ਹੀ ਇਨਾਂ 11 ਸੀਟਾਂ ਨੂੰ ਵੀ ਬਹੁਜਨ ਸਮਾਜ ਪਾਰਟੀ ਨੂੰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਘਾਟਾ ਨਹੀਂ ਪੈਣ ਵਾਲਾ ਹੈ।
ਇਨਾਂ 20 ਸੀਟਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਹਵਾਲੇ ਕਰਨਾ ਸ਼੍ਰੋਮਣੀ ਅਕਾਲੀ ਦਲ ਲਈ ਹੀ ਫਾਇਦੇ ਦਾ ਸੌਦਾ ਸਾਬਤ ਹੋਏਗਾ, ਕਿਉਂਕਿ ਇਨਾਂ ਵਿਧਾਨ ਸਭਾ ਸੀਟਾਂ ’ਤੇ ਜਿੱਤਣਾ ਸ਼੍ਰੋਮਣੀ ਅਕਾਲੀ ਦਲ ਲਈ ਸੌਖਾ ਨਹੀਂ ਸੀ ਅਤੇ ਇਨਾਂ ਸੀਟਾਂ ਨੂੰ ਦੇ ਕੇ ਸ਼੍ਰੋਮਣੀ ਅਕਾਲੀ ਦਲ ਮਾਲਵਾ ਅਤੇ ਦੋਆਬੇ ਵਿੱਚ ਬਸਪਾ ਦੀ ਵੱਡੀ ਗਿਣਤੀ ਵਿੱਚ ਪਏ ਵੋਟ ਬੈਂਕ ਹਾਸਲ ਕਰਨ ਕੀ ਕੋਸਿਸ਼ ਕਰੇਗਾ।
ਅਕਾਲੀ-ਭਾਜਪਾ ਗੱਠਜੋੜ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਿਛਲੇ 10 ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਜਿਹੜੀਆਂ ਸੀਟਾਂ ਨੂੰ ਉਹ ਜਿੱਤ ਨਹੀਂ ਸਕਿਆ ਅਤੇ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਆਦਾ ਆਧਾਰ ਹੈ, ਉਨਾਂ ਸੀਟਾਂ ਨੂੰ ਭਾਜਪਾ ਨਾਲ ਰੱਦੋ ਬਦਲ ਕਰ ਲਿਆ ਜਾਵੇ ਪਰ ਭਾਜਪਾ ਇਸ ਲਈ ਕਦੇ ਵੀ ਤਿਆਰ ਨਹੀਂ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਪਹਿਲਾਂ ਆਪਣੀ 25 ਸਾਲ ਪੁਰਾਣੀ ਇੱਛਾ ਨੂੰ ਪੂਰਾ ਕੀਤਾ ਹੈ।
ਭਾਜਪਾ ਨੂੰ ਦਿੱਤੀਆ ਜਾਣ ਵਾਲੀਆਂ 23 ਸੀਟਾਂ ਵਿੱਚੋਂ 11 ਸੀਟਾਂ ਹੀ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਜਦੋਂ ਕਿ ਭਾਜਪਾ ਕੋਟੇ ਦੀਆਂ 12 ਸੀਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਇੱਛਾ ਅਨੁਸਾਰ ਆਪਣੇ ਕੋਲ ਰੱਖ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਸੀਟਾਂ ’ਤੇ ਖ਼ੁਦ ਚੋਣ ਲੜਦਾ ਸੀ, ਉਨਾਂ ਵਿੱਚੋਂ 9 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਗਈਆਂ ਹਨ। ਇਹ 9 ਵਿਧਾਨ ਸਭਾ ਸੀਟਾਂ ਉਹ ਹਨ, ਜਿਥੋਂ 15-20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲ ਨਾਲ ਹੀ 3 ਸੀਟਾਂ ’ਤੇ 1-1 ਵਾਰ ਜਿੱਤ ਸਕਿਆ ਹੈ ਅਤੇ ਇਨਾਂ ਸੀਟਾਂ ’ਤੇ 2022 ਵਿੱਚ ਜਿੱਤਣਾ ਵੀ ਸ਼੍ਰੋਮਣੀ ਅਕਾਲੀ ਦਲ ਲਈ ਕਾਫ਼ੀ ਔਖਾ ਸੀ।
ਬਸਪਾ ਨੂੰ ਮਿਲੀਆਂ 9 ਸੀਟਾਂ ’ਤੇ ਅਕਾਲੀਆਂ ਦਾ ਪ੍ਰਦਰਸ਼ਨ
ਵਿਧਾਨ ਸਭਾ ਸੀਟ ਪਾਰਟੀ 2007 2012 2017
ਮੁਹਾਲੀ ਅਕਾਲੀ ਹਾਰੇ ਹਾਰੇ ਹਾਰੇ
ਕਪੂਰਥਲਾ ਅਕਾਲੀ ਹਾਰੇ ਹਾਰੇ ਹਾਰੇ
ਟਾਂਡਾ ਉੜਮੁੜ ਅਕਾਲੀ ਹਾਰੇ ਹਾਰੇ ਹਾਰੇ
ਨਵਾਂ ਸ਼ਹਿਰ ਅਕਾਲੀ ਹਾਰੇ ਹਾਰੇ ਹਾਰੇ
ਮਹਿਲ ਕਲਾਂ ਅਕਾਲੀ ਹਾਰੇ ਹਾਰੇ ਹਾਰੇ
ਚਮਕੌਰ ਸਾਹਿਬ ਅਕਾਲੀ ਹਾਰੇ ਹਾਰੇ ਹਾਰੇ
ਕਰਤਾਰਪੁਰ ਅਕਾਲੀ ਹਾਰੇ ਜਿੱਤੇ ਹਾਰੇ
ਬੱਸੀ ਪਠਾਣਾ ਅਕਾਲੀ ਹਾਰੇ ਜਿੱਤੇ ਹਾਰੇ
ਪਾਇਲ ਅਕਾਲੀ ਹਾਰੇ ਜਿੱਤੇ ਹਾਰੇ
ਬਸਪਾ ਨੂੰ ਮਿਲੀਆਂ 12 ਜਨਰਲ ਅਤੇ 8 ਐਸ.ਸੀ.
ਬਹੁਜਨ ਸਮਾਜ ਪਾਰਟੀ ਦਲਿਤਾਂ ਦੀ ਪਾਰਟੀ ਕਹਾਉਂਦੀ ਆਈ ਹੈ ਅਤੇ ਪੰਜਾਬ ਵਿੱਚ ਜ਼ਿਆਦਾਤਰ ਬਹੁਜਨ ਸਮਾਜ ਪਾਰਟੀ ਵਲੋਂ ਦਲਿਤ ਰਾਜਨੀਤੀ ਹੀ ਕੀਤੀ ਜਾਂਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਸੀਟ ਬਟਵਾਰੇ ਦੌਰਾਨ 12 ਵਿਧਾਨ ਸਭਾ ਸੀਟਾਂ ਜਰਨਲ ਅਤੇ 8 ਰਿਜ਼ਰਵ ਸੀਟਾਂ ਹੀ ਹੱਥ ਲੱਗੀਆਂ ਹਨ। ਸੀਟ ਬਟਵਾਰੇ ਵਿੱਚ ਕਿਥੇ ਘਾਟ ਰਹਿ ਗਈ ਇਸ ਬਾਰੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ਦਲਿਤ ਰਾਜਨੀਤੀ ਨਹੀਂ ਕਰਦੇ, ਸਾਡੀ ਪਾਰਟੀ ਸਮਾਜ ਦੇ ਹਰ ਵਰਗ ਦੀ ਪਾਰਟੀ ਹੈ, ਇਸ ਲਈ ਅਸੀਂ ਸੀਟ ਬਟਵਾਰੇ ਵਿੱਚ ਇਹ ਸੰਕਾਵਾ ਨੂੰ ਵੀ ਤੋੜ ਦਿੱਤਾ ਹੈ।
ਸਾਡੇ ’ਤੇ ਜਿਆਦਾ ਵਿਸ਼ਵਾਸ ਤਾਂ ਹੀ ਮਿਲਿਆ ਔਖੀ ਸੀਟਾਂ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਦੀ ਕਾਬਲੀਅਤ ’ਤੇ ਜਿਆਦਾ ਭਰੋਸਾ ਹੈ, ਜਿਸ ਕਾਰਨ ਜਿਹੜੀਆਂ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ 15-20 ਸਾਲਾਂ ਦੌਰਾਨ ਜਿੱਤ ਨਹੀਂ ਸਕਿਆ ਹੈ। ਉਨਾਂ ਸੀਟਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਹਵਾਲੇ ਕੀਤਾ ਗਿਆ ਹੈ ਅਤੇ ਅਸੀਂ ਇਨਾਂ ਸੀਟਾਂ ’ਤੇ ਅਗਲੇ 8 ਮਹੀਨੇ ਦੌਰਾਨ ਮਿਹਨਤ ਕਰਦੇ ਹੋਏ ਜਿੱਤ ਕੇ ਵਿਧਾਨ ਸਭਾ ਵਿੱਚ ਪੁੱਜਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।