ਕੋਰੋਨਾ ਮਹਾਂਮਾਰੀ ਦੌਰਾਨ ਰਜਿੰਦਰ ਹਸਪਤਾਲ ‘ਤੇ ਮਾੜੇ ਖਿਲਾਫ਼ ਕੀਤੀ ਨਾਅਰੇਬਾਜ਼ੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਭਾਰਤੀ ਕਿਸਾਨ ਯੂਨੀਅਨ Àਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਅੱਜ ਕੋਰੋਨਾ ਪ੍ਰਬੰਧਾਂ ਵਿਰੁੱਧ ਰਾਜਿੰਦਰਾ ਹਸਪਤਾਲ ਵੱਲ ਦੁਪਹਿਰ ਤੋਂ ਬਾਅਦ ਕੂਚ ਕਰ ਦਿੱਤਾ। ਇਸ ਰੋਸ਼ ਮਾਰਚ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਹਨ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਕੀਤੇ ਹੋਏ ਪ੍ਰਬੰਧਾਂ ਨੂੰ ਨਾਕਾਫੀ ਦਸਦੇ ਹੋਏ ਸਰਕਾਰ ਅਤੇ ਅਧਿਕਾਰੀਆਂ ਤੇ ਕਈ ਇਲਜਾਮ ਲਾਏ। ਇਨ੍ਹਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਰਾਜਿੰਦਰਾ ਹਸਪਤਾਲ ਵਿਚ ਜੋਂ ਕੋਰੋਨਾ ਨੂੰ ਲੈ ਕੇ ਪ੍ਰਬੰਧ ਕੀਤੇ ਹਨ, ਉਹ ਬੇਹੱਦ ਘਟੀਆ ਹਨ। ਇੰਨਾ ਘਟੀਆ ਅਤੇ ਨਿਕੰਮੇ ਪ੍ਰਬੰਧਾ ਕਾਰਨ ਹੀ ਅਣਗਿਣਤ ਲੋਕਾਂ ਦੀਆਂ ਜਾਨਾ ਗਈਆਂ ਹਨ ਅਤੇ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਵੀ ਕਈ ਮਰੀਜਾਂ ਨੂੰ ਕਿਸੇ ਹੋਰ ਇਲਾਜ ਲਈ ਰਜਿੰਦਰਾ ਹਸਪਤਾਲ ਲੈ ਕੇ ਆਏ ਸੀ, ਪਰ ਉਨਾ ਨੂੰ ਕੋਰੋਨਾ ਪਾਜ਼ਿਟਿਵ ਐਲਾਨ ਕੇ ਜਿਉਂ ਹੀ ਕੋਰੋਨਾ ਵਾਰਡ ਵਿਚ ਲੈ ਕੇ ਗਏ, ਕੁਝ ਹੀ ਦੇਰ ਬਾਅਦ ਮੌਤ ਹੋ ਗਈ। ਇਸ ਲਈ ਸਰਕਾਰ ਦੇ ਘਟੀਆ ਪ੍ਰਬੰਧਾ ਅਤੇ ਅਧਿਕਾਰੀਆਂ ਦੇ ਗਲਤ ਰਵੱਈਏ ਕਾਰਨ ਹੀ ਲੋਕ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਇੱਕ ਕਿਸਾਨ ਨੂੰ ਕੋਰੋਨਾ ਚੈਕ ਕਰਨ ਲਈ ਰਾਜਿੰਦਰਾ ਹਸਪਤਾਲ ਲਿਆਦਾ ਗਿਆ ਹੈ, ਪਰ ਅਜ ਤੱਕ ਉਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਹਿੰਦੀ ਹੈ ਉਹ ਆਪਣੇ ਵਾਅਦੇ ਪੂਰੇ ਨਹੀਂ ਕਰਦੀ, ਜਿਸ ਕਰਕੇ ਕਿਸਾਨਾਂ ਨੂੰ ਪਟਿਆਲਾ ਵਿਚ ਮੋਰਚਾ ਲਾਉਣਾ ਪਿਆ।
ਇੱਧਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਲੱਗੇ ਇਸ ਮੋਰਚੇ ਵਿਚ ਕਿਸਾਨਾਂ ਨੇ ਅੱਜ ਵੀ ਕੇਂਦਰ ਤੇ ਸੂਬਾ ਸਰਕਾਰ ਨੂੰ ਜੰਮ ਕੇ ਕੋਸਿਆ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਨੇ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ, ਜ਼ਿਲ੍ਹਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀ ਧੱਕੇਸਾਹੀ ਨੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਸੜਕਾਂ ਤੇ ਲਿਆ ਖੜਾ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਸਾਰੇ ਦੇਸ ਦਾ ਢਿੱਡ ਭਰਦੇ ਹਨ ਪਰ ਇਹ ਸਰਕਾਰਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਭੁੱਖਾ ਮਾਰਨ ਲਈ ਤਿਆਰੀ ਕਰ ਰਹੀਆਂ ਹਨ। ਨੇਤਾਵਾਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਕਰਜ਼ੇ ਹੇਠਾਂ ਦੱਬਿਆ ਕਿਸਾਨ ਸਭ ਤੋ ਵੱਧ ਖੁਦਕਸੀਆਂ ਕਰ ਰਿਹਾ ਹੈ ਤੇ ਇਸ ਲਈ ਸੂਬਾ ਸਰਕਾਰ ਸਿੱਧੇ ਤੋਰ ਤੇ ਜਿੰਮੇਵਾਰ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨੀ ਦੇ ਖਿਲਾਫ ਆਰਡੀਨੈਸ ਤੋ ਬਾਅਦ ਕੇਂਦਰ ਸਰਕਾਰ ਵੱਲੋਂ ਬਿਜਲੀ ਐਕਟ-2020 ਪਾਸ ਕਰਕੇ ਕਿਰਤੀ ਲੋਕਾਂ ਦੀ ਲੁੱਟ ਕੀਤੀ ਜਾਣੀ ਹੈ। ਜਿਸ ਨੂੰ ਤਰੁੰਤ ਰੱਦ ਕਰਨ ਦੀ ਲੋੜ ਹੈ। ਇਸ ਮੌਕੇ ਰੂਪ ਸਿੰਘ ਛੰਨਾ, ਸੁਦਾਗਰ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ, ਕਰਨੈਲ ਸਿੰਘ ਅਤੇ ਜਗਤਾਰ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਖਤਮ ਕਰਨ ਦੀ ਸੋਚੀ ਸਮਝੀ ਚਾਲ ਹੈ ਜਿਸ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.