ਜਦੋਂ ਤਰਕ ਨਾਲ ਗੱਲ ਕਰਨਾ ਗੁਨਾਹ ਬਣ ਗਿਆ
ਇਹ ਗੱਲ ਕੋਈ 1977 ਦੀ ਹੈ। ਮੈਂ ਸਰਕਾਰੀ ਹਾਈ ਸਕੂਲ ਖਾਲੜਾ ਵਿਖੇ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਸਰਕਾਰੀ ਲੈਣ-ਦੇਣ ਕੇਵਲ ਸਟੇਟ ਬੈਂਕ ਵਿਚ ਹੀ ਹੁੰਦਾ ਸੀ ਅਤੇ ਨੇੜੇ ਤੋਂ ਨੇੜੇ ਸਟੇਟ ਬੈਂਕ ਆਫ ਇੰਡੀਆ ਕੇਵਲ ਪੱਟੀ ਜਿਲ੍ਹਾ ਅੰਮ੍ਰਿਤਸਰ (ਹੁਣ ਜਿਲ੍ਹਾ ਤਰਨਤਾਰਨ) ਹੁੰਦਾ ਸੀ। ਖਜ਼ਾਨਾ ਦਫਤਰ ਵੀ ਪੱਟੀ ਵਿਖੇ ਹੋਣ ਕਾਰਨ ਸਕੂਲ ਦੇ ਸਟਾਫ ਦੀ ਤਨਖਾਹ ਕਢਵਾੳੇਣ ਅਤੇ ਬੱਚਿਆਂ ਕੋਲੋਂ ਇਕੱਠੀਆਂ ਕੀਤੀਆਂ ਫੀਸਾਂ ਜਮ੍ਹਾ ਕਰਵਾਉਣ ਲਈ ਸਕੂਲ ਕਲਰਕ ਨੂੰ ਪੱਟੀ ਜਾਣਾ ਪੈਂਦਾ ਸੀ। ਫੀਸਾਂ ਮਹੀਨੇ ਵਿਚ ਤਿੰਨ ਵਾਰ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਕਲਰਕ ਅਨੁਸਾਰ ਮਹੀਨੇ ਵਿਚ ਚਾਰ ਵਾਰ ਉਸ ਨੂੰ ਪੱਟੀ ਜਾਣਾ ਪੈਂਦਾ ਸੀ।
ਖਾਲੜੇ ਤੋਂ ਪੱਟੀ ਦਾ ਆਉਣ-ਜਾਣ ਦਾ ਖਰਚਾ ਇੱਕ ਵਾਰ ਦਾ ਤਿੰਨ ਰੁਪਏ ਹੁੰਦਾ ਅਰਥਾਤ ਕਲਰਕ ਅਨੁਸਾਰ ਮਹੀਨੇ ਵਿਚ ਉਸ ਨੂੰ 12 ਰੁਪਏ ਜੇਬ੍ਹ ਵਿਚੋਂ ਖਰਚਣੇ ਪੈਂਦੇ ਸਨ। ਉਸ ਸਮੇਂ ਸਰਕਾਰ ਵੱਲੋਂ ਟੀ. ਏ. ਦੇ ਰੂਪ ਵਿਚ ਕਲਰਕ ਨੂੰ ਸਾਲ ਵਿਚ 50 ਰੁਪਏ ਮਿਲਦੇ ਸਨ। ਭਿੱਖੀਵਿੰਡ ਵੀ ਸਰਕਾਰੀ ਹਾਈ ਸਕੂਲ ਸੀ ਅਤੇ ਸੁਰ ਸਿੰਘ ਵੀ। ਖਾਲੜੇ ਸਕੂਲ ਦਾ ਕਲਰਕ ਭਿੱਖੀਵਿੰਡ ਦਾ ਰਹਿਣ ਵਾਲਾ ਸੀ ਅਤੇ ਭਿੱਖੀਵਿੰਡ ਸਕੂਲ ਦਾ ਕਲਰਕ ਸੁਰਸਿੰਘ ਦਾ। ਪੱਟੀ ਜਾਣ ਲਈ ਸਾਰਿਆਂ ਨੂੰ ਭਿੱਖੀਵਿੰਡ ਵਿਚੋਂ ਹੀ ਗੁਜ਼ਰਨਾ ਪੈਂਦਾ।
ਇਹ ਤਿੰਨੇ ਕਲਰਕ ਆਪਸ ਵਿਚ ਰਲੇ ਹੋਏ ਸਨ। ਹਰ ਵਾਰ ਇੱਕ ਹੀ ਕਲਰਕ ਪੱਟੀ ਜਾਂਦਾ ਅਤੇ ਤਿੰਨਾਂ ਸਕੂਲਾਂ ਦੀਆਂ ਫੀਸਾਂ ਜਮ੍ਹਾ ਕਰਵਾ ਆਉਂਦਾ। ਇਸ ਤਰ੍ਹਾਂ ਹਰ ਕਲਰਕ ਨੂੰ ਮਹੀਨੇ ਵਿਚ ਕੇਵਲ ਦੋ ਵਾਰ (ਇੱਕ ਵਾਰ ਤਨਖਾਹ ਕਢਵਾਉਣ ਅਤੇ ਦੂਜੀ ਵਾਰ ਫੀਸ ਜਮ੍ਹਾ ਕਰਵਾਉਣ ਵਾਸਤੇ) ਹੀ ਪੱਟੀ ਜਾਣਾ ਪੈਂਦਾ ਤੇ ਦੋ ਦਿਨ ਸਕੂਲ ਵਿਚੋਂ ਇਸ ਡਿਊਟੀ ਸਬੰਧੀ ਛੁੱਟੀ ਮਾਰ ਲੈਂਦਾ। ਉਨ੍ਹਾਂ ਦਿਨਾਂ ਵਿਚ ਸਾਰਾ ਸਟਾਫ ਅੱਧੀ ਛੁੱਟੀ ਵੇਲੇ ਇਕੱਠਾ ਚਾਹ ਪੀਂਦਾ ਸੀ ਅਤੇ ਇਹ ਚਾਹ ਸਕੂਲ ਵਿਚ ਹੀ ਬਣਦੀ ਸੀ। ਇਹ ਚਾਹ ਪੀਣ ਲਈ ਹਰ ਮੈਂਬਰ ਨੂੰ ਮਹੀਨੇ ਦੇ 10 ਰੁਪਏ ਦੇਣੇ ਪੈਂਦੇ ਸਨ।
ਉਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਬਹੁਤ ਹੀ ਇਮਾਨਦਾਰ, ਨੇਕ ਦਿਲ, ਕਿਸੇ ਨੂੰ ਵੀ ਦੁੱਖ ਨਾ ਦੇਣ ਅਤੇ ਹਰ ਇੱਕ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਨ ਵਾਲੇ ਇਨਸਾਨ ਸਨ। ਸਕੂਲ ਦੇ ਕਲਰਕ ਵੱਲੋਂ ਮੁੱਖ ਅਧਿਆਪਕ ਨੂੰ ਇਹ ਹਵਾਲਾ ਦਿੰਦਿਆਂ ਕਿ ਹਰ ਮਹੀਨੇ ਸਕੂਲ ਦੇ ਕੰਮਾਂ ਲਈ ਪੱਟੀ ਜਾਣ ਵਾਸਤੇ ਉਸ ਨੂੰ 12 ਰੁਪਏ ਜੇਬ੍ਹ ਵਿਚੋਂ ਖਰਚਣੇ ਪੈਂਦੇ ਹਨ ਇਸ ਲਈ ਚਾਹ ਦੇ ਪੈਸਿਆਂ ਵਿਚੋਂ ਉਸ ਨੂੰ ਹਰ ਮਹੀਨੇ ਛੇ ਰੁਪਏ ਦੀ ਛੋਟ ਦਿੱਤੀ ਜਾਵੇ।
ਮੁੱਖ ਅਧਿਆਪਕ ਜੀ ਨੇ ਇਹ ਗੱਲ ਸਟਾਫ ਮੀਟਿੰਗ ਵਿਚ ਰੱਖੀ ਅਤੇ ਸਹਿਮਤੀ ਨਾਲ ਕਲਰਕ ਕੋਲੋਂ ਕੇਵਲ ਚਾਰ ਰੁਪਏ ਲੈਣ ਦਾ ਫੈਸਲਾ ਹੋ ਗਿਆ। ਇਹ ਗੱਲ ਉਸ ਸਕੂਲ ਵਿਚ ਮੇਰੇ ਜਾਣ ਤੋਂ ਪਹਿਲਾਂ ਦੀ ਸੀ ਜੋ ਮੈਨੂੰ ਸਟਾਫ ਕੋਲੋਂ ਉਸ ਸਮੇਂ ਪਤਾ ਲੱਗੀ ਜਦੋਂ ਮੈਨੂੰ ਇਸ ਚਾਹ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਿਲੀ। ਸਮਾਂ ਆਪਣੀ ਤੋਰੇ ਤੁਰਦਾ ਗਿਆ। ਕਈ ਮਹੀਨਿਆਂ ਤੋਂ ਬਾਅਦ ਕਲਰਕ ਵੱਲੋਂ ਮੁੜ ਮੁੱਖ ਅਧਿਆਪਕ ਜੀ ਨੂੰ ਬੇਨਤੀ ਕੀਤੀ ਗਈ ਕਿ ਜੋ ਚਾਰ ਰੁਪਏ ਉਹ ਚਾਹ ਦੇ ਦਿੰਦਾ ਹੈ, ਉਸ ਤੋਂ ਉਹ ਵੀ ਨਾ ਲਏ ਜਾਣ।
ਇਸ ਸੁਝਾਅ ਨੂੰ ਨੇਪਰੇ ਚਾੜ੍ਹਨ ਲਈ ਇੱਕ ਦਿਨ ਸਟਾਫ ਮੀਟਿੰਗ ਵਿਚ ਕਲਰਕ ਕੋਲੋਂ ਚਾਹ ਦੇ ਪੈਸੇ ਨਾ ਲੈਣ ਦੀ ਗੱਲ ਹੋਈ ਕਿਉਂਕਿ ਉਸ ਨੂੰ ਅਜੇ ਵੀ ਹਰ ਮਹੀਨੇ ਸਕੂਲ ਦੇ ਕੰਮਾਂ ਲਈ ਆਪਣੇ ਕੋਲੋਂ ਛੇ ਰੁਪਏ ਖਰਚਣੇ ਪੈਂਦੇ ਹਨ। ਉਸ ਮੀਟਿੰਗ ਵਿਚ ਮੈਂ ਵੀ ਸੀ ਅਤੇ ਅਜੇ ਮੇਰੀ ਸਰਕਾਰੀ ਨੌਕਰੀ ਵੀ ਕੇਵਲ ਦੋ ਸਾਲ ਦੀ ਸੀ। ਅਜੇ ਇੰਨੀ ਸਮਝ ਵੀ ਨਹੀਂ ਸੀ ਕਿ ਮੁੱਖ ਅਧਿਆਪਕ ਜੀ ਦੇ ਸੁਝਾਅ ’ਤੇ ਕਿੰਤੂ-ਪਰੰਤੂ ਨਹੀਂ ਕਰੀਦਾ। ਬਾਕੀ ਤਾਂ ਸਾਰੇ ਚੁੱਪ ਸਨ ਪਰ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਕਹਿ ਦਿੱਤਾ:
‘‘ਹੈਡਮਾਸਟਰ ਸਾਹਿਬ ਜੀ, ਆਪਾਂ ਤਾਂ ਪਹਿਲਾਂ ਹੀ ਬਾਊ ਜੀ ਨੂੰ ਹੋਣ ਵਾਲੇ ਖਰਚੇ ਤੋਂ ਵੱਧ ਪੈਸੇ ਦੇ ਰਹੇ ਹਾਂ, ਇਸ ਲਈ ਹੋਰ ਪੈਸੇ ਦੇਣ ਦਾ ਕੋਈ ਕਾਰਨ ਤਾਂ ਨਹੀਂ ਬਣਦਾ।’’ ‘‘ਇਨ੍ਹਾਂ ਦਾ ਖਰਚਾ ਮਹੀਨੇ ਦਾ ਬਾਰਾਂ ਰੁਪਏ ਹੈ ਅਤੇ ਇਨ੍ਹਾਂ ਨੂੰ ਕੇਵਲ ਛੇ ਰੁਪਏ ਹੀ ਦੇ ਰਹੇ ਹਾਂ, ਬਣਦਾ ਕਿਸ ਤਰ੍ਹਾਂ ਨਹੀਂ?’’ ਮੁੱਖ ਅਧਿਆਪਕ ਜੀ ਨੇ ਮੇਰੀ ਗੱਲ ਨੂੰ ਨਕਾਰਦੇ ਹੋਏ ਤੁਰੰਤ ਕਹਿ ਦਿੱਤਾ। ਆਪਣੀ ਗੱਲ ਨੂੰ ਠੀਕ ਸਿੱਧ ਕਰਨ ਲਈ ਮੈਂ ਤਰਕ ਦਿੰਦੇ ਹੋਏ ਕਿਹਾ, ‘‘ਬਾਊ ਜੀ ਭਿੱਖੀਵਿੰਡ ਦੇ ਰਹਿਣ ਵਾਲੇ ਹਨ।
ਭਿੱਖੀਵਿੰਡ ਤੋਂ ਪੱਟੀ ਆਉਣ-ਜਾਣ ਦਾ ਕਿਰਾਇਆ ਇੱਕ ਵਾਰ ਕੇਵਲ ਦੋ ਰੁਪਏ ਲੱਗਦਾ ਹੈ ਅਰਥਾਤ ਮਹੀਨੇ ਵਿਚ ਕੁੱਲ ਅੱਠ ਰੁਪਏ। ਚਾਰ ਰੁਪਏ ਹਰ ਮਹੀਨੇ ਸਰਕਾਰ ਵੱਲੋਂ ਇਨ੍ਹਾਂ ਨੂੰ ਟੀ. ਏ. ਮਿਲਦਾ ਹੈ। ਜੇਕਰ ਇਹ ਪੱਟੀ ਨਾ ਜਾਣ ਤਾਂ ਸਕੂਲ ਆਉਣ-ਜਾਣ ਲਈ ਹਰ ਵਾਰ ਇਨ੍ਹਾਂ ਨੂੰ ਇੱਕ ਰੁਪਏ ਖਰਚ ਕਰਨਾ ਪੈਂਦਾ ਹੈ ਅਤੇ ਮਹੀਨੇ ਵਿਚ ਪੱਟੀ ਜਾਣ ਕਰਕੇ ਇਨ੍ਹਾਂ ਦੇ ਚਾਰ ਰੁਪਏ ਹੋਰ ਬਚਦੇ ਹਨ।
ਇਸ ਤਰ੍ਹਾਂ ਸਕੂਲ ਦੇ ਕੰਮਾਂ ਲਈ ਪੱਟੀ ਜਾਣ ਵਾਸਤੇ ਇਨ੍ਹਾਂ ਨੂੰ ਆਪਣੀ ਜੇਬ੍ਹ ਵਿਚੋਂ ਵਾਧੂ ਕੋਈ ਵੀ ਪੈਸਾ ਨਹੀਂ ਖਰਚਣਾ ਪੈਂਦਾ। ਜੋ ਛੇ ਰੁਪਏ ਹਰ ਮਹੀਨੇ ਚਾਹ ਦੇ ਪੈਸਿਆਂ ਵਿਚੋਂ ਦਿੱਤੇ ਜਾ ਰਹੇ ਹਨ ਉਹ ਵੀ ਫਾਲਤੂ ਹੀ ਦੇ ਰਹੇ ਹਾਂ।’’ ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਮੁੱਖ ਅਧਿਆਪਕ ਜੀ ਨੇ ਤੁਰੰਤ ਮੈਨੂੰ ਇਹ ਕਹਿ ਦਿੱਤਾ, ‘‘ਕੈਲਾਸ਼ ਚੰਦਰ ਜੀ, ਟੀ. ਏ. ਡਿਊਟੀ ਸਥਾਨ ਤੋਂ ਮਿਲਦਾ ਹੈ, ਘਰ ਤੋਂ ਜਾਣ ਦਾ ਨਹੀਂ।’’
ਮੇਰਾ ਫਿਰ ਤਰਕ ਸੀ, ‘‘ਡਿਊਟੀ ਸਥਾਨ ਤੋਂ ਟੀ. ਏ. ਸਰਕਾਰ ਦਿੰਦੀ ਹੈ। ਜੇਕਰ ਹਮਦਰਦੀ ਦੇ ਨਾਤੇ ਕਿਸੇ ਦੀ ਮੱਦਦ ਕਰਨੀ ਹੋਵੇ ਤਾਂ ਉਸ ਦੇ ਹੋਏ ਖਰਚੇ ਨੂੰ ਹੀ ਕੇਵਲ ਗਿਣਿਆ ਜਾਂਦਾ ਹੈ।’’
ਮੇਰੀ ਇੰਨੀ ਗੱਲ ਸੁਣ ਕੇ ਸਟਾਫ ਦੇ ਕੁਝ ਮੈਂਬਰ ਮੁੱਖ ਅਧਿਆਪਕ ਜੀ ਤੋਂ ਆਪਣੇ-ਆਪ ਨੂੰ ਬਚਾਉਂਦੇ ਹੋਏ ਨਿੰਮਾ-ਨਿੰਮਾ ਮੁਸਕਰਾਉਣ ਲੱਗੇ ਜਿਵੇਂ ਮੇਰੇ ਤਰਕ ਨਾਲ ਉਨ੍ਹਾਂ ਸਹਿਮਤੀ ਪ੍ਰਗਟਾਈ ਹੋਵੇ। ਇਸ ਤੋਂ ਬਾਅਦ ਮੀਟਿੰਗ ਖਤਮ ਹੋ ਗਈ। ਇਸ ਦਾ ਸਿੱਟਾ ਇਹ ਨਿੱਕਲਿਆ ਕਿ ਕਲਰਕ ਨੂੰ ਹੋਰ ਪੈਸੇ ਤਾਂ ਨਾ ਮਿਲੇ ਪਰ ਇਹ ਕਹਿ ਦਿੱਤਾ ਗਿਆ ਕਿ ਅੱਗੇ ਤੋਂ ਕੈਲਾਸ਼ ਚੰਦਰ ਨੂੰ ਮੀਟਿੰਗ ਵਿਚ ਨਾ ਬੁਲਾਇਆ ਜਾਵੇ। ਕਲਰਕ ਵੀ ਹੱਥ ਧੋ ਕੇ ਮੇਰੇ ਪਿੱਛੇ ਪੈ ਗਿਆ ਜਿਵੇਂ ਤਰਕ ਨਾਲ ਗੱਲ ਕਰਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।