ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਕੈਪਟਨ ਦੇ ਕਾਂਗਰਸੀਆਂ ਨੂੰ ਨਹੀਂ ਚਾਅ, ਲੱਡੂ ਵੀ ਨਾ ਸਰੇ

ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿਧਾਇਕ ਨਿਰਮਲ ਸਿੰਘ ਅਤੇ ਮਦਲ ਲਾਲ ਜਲਾਲਪੁਰ ਹੀ ਅਜੇ ਸਿੱਧੂ ਖੇਮੇ ’ਚ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਵੀ ਪਟਿਆਲਾ ਜ਼ਿਲ੍ਹੇ ਅਤੇ ਸ਼ਹਿਰ ਦੇ ਬਹੁਤੇ ਕਾਂਗਰਸੀਆਂ ਨੇ ਸਿੱਧੂ ਤੋਂ ਦੂਰੀ ਬਣਾਈ ਰੱਖੀ। ਇੱਥੋਂ ਤੱਕ ਕਿ ਸ਼ਹਿਰ ਅੰਦਰ ਕਿਸੇ ਵੀ ਕਾਂਗਰਸੀ ਅਹੁਦੇਦਾਰ ਵੱਲੋਂ ਸਿੱਧੂ ਦੇ ਘਰ ਜਾ ਕੇ ਨਾ ਵਧਾਈ ਦਿੱਤੀ ਗਈ ਅਤੇ ਨਾ ਹੀ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸਿੱਧੂ ਦੇ ਸਮਰੱਥਕਾਂ ਵੱਲੋਂ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਢੋਲ ਵਜਾਕੇ ਅਤੇ ਭੰਗੜੇ ਪਾਕੇ ਖੁਸ਼ੀ ਜ਼ਰੂਰ ਸਾਂਝੀ ਕੀਤੀ । ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਹੋਣ ਤੋਂ ਬਾਅਦ ਰਾਤੀ ਹੀ ਉਨ੍ਹਾਂ ਦੇ ਘਰ ਰੌਣਕਾ ਲੱਗ ਗਈਆਂ ਸਨ, ਪਰ ਵੱਡੀ ਗੱਲ ਇਹ ਰਹੀ ਕਿ ਅੱਜ ਮੁੱਖ ਮੰਤਰੀ ਅਮਰਿਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਕਿਸੇ ਵੀ ਕਾਂਗਰਸੀ ਅਹੁਦੇਦਾਰ ਵੱਲੋਂ ਸਿੱਧੂ ਦੇ ਘਰ ਦਾ ਰਾਹ ਨਾ ਤੱਕਿਆ ਗਿਆ।

ਨਵਜੋਤ ਸਿੰਘ ਸਿੱਧੂ ਲਗਭਗ ਸਵੇਰੇ 11 ਵਜੇ ਤੱਕ ਆਪਣੇ ਨਿਵਾਸ ਸਥਾਨ ਤੇ ਰਹੇ, ਪਰ ਪਟਿਆਲ ਦੇ ਕਿਸੇ ਵੀ ਬਲਾਕ ਪ੍ਰਧਾਨ, ਸ਼ਹਿਰੀ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਵਾਰ ਵੱਲੋਂ ਸਿੱਧੂ ਦੀ ਨਿਯੁਕਤੀ ਤੇ ਕਿਸੇ ਪ੍ਰਕਾਰ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਪਟਿਆਲਾ ਜ਼ਿਲ੍ਹੇ ਦੇ ਹਲਕਾ ਸੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸਿੱਧੂ ਤੇ ਨਿਵਾਸ ਸਥਾਨ ਤੇ ਪੁੱਜੇ ਹੋਏ ਸਨ, ਜਦਕਿ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਸਿੱਧੂ ਨਾਲ ਆਣ ਖੜ੍ਹੇ ਹਨ। ਦੱਸਣਯੋਗ ਹੈ ਸ਼ਹਿਰ ਅੰਦਰ ਮੋਤੀ ਮਹਿਲਾ ਦਾ ਦਬਦਬਾ ਹੈ ਅਤੇ ਹਰ ਛੋਟਾ ਵੱਡਾ ਕਾਂਗਰਸੀ ਅਮਰਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ।

ਅਮਰਿੰਦਰ ਸਿਘ ਖੁਦ ਅਜੇ ਸਿੱਧੂ ਦੀ ਪ੍ਰਧਾਨਗੀ ਤੋਂ ਨਾਖੁਸ਼ ਹਨ, ਜਿਸ ਕਾਰਨ ਸ਼ਹਿਰ ਅੰਦਰ ਕਿਸੇ ਵੀ ਕਾਂਗਰਸੀ ਵੱਲੋਂ ਨਵਜੋਤ ਸਿੰਘ ਦੇ ਪ੍ਰਧਾਨ ਬਣਨ ਤੇ ਨਾ ਢੋਲ ਵਜਾਏ ਗਏ ਅਤੇ ਨਾ ਹੀ ਲੱਡੂ ਵੰਡੇ ਗਏ। ਪੰਜਾਬ ਦੇ ਮੁੱਖ ਮੰਤਰੀ ਦੀ ਪਾਵਰ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਹੀ ਹੈ ਅਤੇ ਸ਼ਹਿਰ ਦੇ ਦਰਜ਼ਨਾਂ ਕਾਂਗਰਸੀਆਂ ਨੂੰ ਮੋਤੀ ਮਹਿਲਾ ਵਾਲਿਆ ਦੇ ਇਸਾਰੇ ਤੇ ਹੀ ਵੱਖ ਵੱਖ ਵਿਭਾਗਾਂ ਵਿੱਚ ਅਹੁਦਿਆਂ ਤੇ ਨਿਵਾਜਿਆ ਹੋਇਆ ਹੈ।

ਇਸ ਲਈ ਸ਼ਹਿਰ ਦਾ ਕੋਈ ਵੀ ਕਾਂਗਰਸੀ ਅਹੁਦੇਦਾਰ ਸਿੱਧੂ ਦਰਬਾਰ ਜਾਕੇ ਮੋਤੀ ਮਹਿਲਾ ਵਾਲਿਆ ਦੀ ਨਰਾਜ਼ਗੀ ਨਹੀਂ ਸਹੇੜਨਾ ਚਾਹੁਦਾ। ਦੱਸਣਯੋਗ ਹੈ ਕਿ ਸਾਲ 2016 ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ ਸੀ ਤਾ ਪਟਿਆਲਾ ਜ਼ਿਲ੍ਹਾ ਲੱਡੂਆਂ ਅਤੇ ਬੋਰਡਾਂ ਨਾਲ ਭਰ ਗਿਆ ਸੀ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਪਟਿਆਲਾ ਅੰਦਰ ਕਿਸੇ ਪ੍ਰਕਾਰ ਦਾ ਜੋਸ਼ ਖਰੋਸ਼ ਦਿਖਾਈ ਨਹੀਂ ਦਿੱਤਾ। ਇੱਕ ਕਾਂਗਰਸੀ ਅਹੁਦੇਦਾਰ ਦਾ ਕਹਿਣਾ ਸੀ ਕਿ ਜਦੋਂ ਉੱਪਰੋਂ ਕਿਸੇ ਪ੍ਰਕਾਰ ਦਾ ਇਸ਼ਾਰਾ ਹੋਵੇਗਾ, ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇਗਾ।

ਰਾਜਾ ਵੜਿੰਗ ਅਤੇ ਕੁਲਬੀਰ ਜੀਰਾ ਸੁਵੱਖਤੇ ਹੀ ਪੁੱਜੇ

ਨਵਜੋਤ ਸਿੰਘ ਸਿੱਧੂ ਦੇ ਘਰ ਅੱਜ ਸੁਵੱਖਤੇ ਹੀ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਅਤੇ ਵਿਧਾਇਕ ਕੁਲਬੀਰ ਜੀਰਾ ਪੁੱਜੇ ਅਤੇ ਉਨ੍ਹਾਂ ਵੱਲੋਂ ਸਿੱਧੂ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਵਿਧਾਇਕ ਨਿਰਮਲ ਸਿੰਘ ਸੁਤਰਾਣਾ ਪੁੱਜੇ। ਇਸ ਦੇ ਨਾਲ ਹੀ ਕੁਝ ਹੋਰ ਬਾਹਰ ਤੋਂ ਕਾਂਗਰਸੀ ਆਏ। ਸਿੱਧੂ ਸਮਰੱਥਕ ਸੈਰੀ ਰਿਆੜ ਅਤੇ ਕਾਂਗਰਸੀ ਆਗੂ ਰਾਜ ਕੁਮਾਰ ਡਕਾਲਾ ਵੱਲੋਂ ਵੀ ਵਧਾਈ ਦਿੱਤੀ ਗਈ। ਉਸ ਤੋਂ ਬਾਅਦ ਸਿੱਧੂ ਇਨ੍ਹਾਂ ਵਿਧਾਇਕਾਂ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ। ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਦੀ ਰਿਹਾਇਸ ਤੇ ਬਹੁਤੀ ਚਹਿਲ ਪਹਿਲ ਦਿਖਾਈ ਨਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ