ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਵਾਈਪੀਐਸ ਚੌਂਕ ’ਚ ਵਿਲੱਖਣ ਰੋਸ਼ ਪ੍ਰਦਰਸ਼ਨ
ਨਕਲੀ ਪੁਲਿਸ ਵੱਲੋਂ ਅਧਿਆਪਕਾਂ ਨੂੰ ਕੁੱਟਦੇ ਰਹੇ ਤੇ ਅਸਲੀ ਪੁਲਿਸ ਵਾਲੇ ਖੜ੍ਹੇ ਦੇਖਦੇ ਰਹੇ
ਵਾਈਪੀਐਸ ਚੌਂਕ ’ਤੇ ਲਾਏ ਡਾਗਾਂ ਵਾਲਾ ਚੌਂਕ ਦੇ ਪੋਸਟਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਰੁਜ਼ਗਾਰ ਦੀ ਮੰਗ ਕਰ ਰਹੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ’ਤੇ ਅੱਜ ‘ਮੁੱਖ ਮੰਤਰੀ ਅਮਰਿੰਦਰ ਸਿੰਘ’ ਵੱਲੋਂ ਰੱਜ ਕੇ ਡਾਂਗ ਵਾਹੀ ਗਈ। ਇਸ ਦੇ ਨਾਲ ਹੀ ਕੈਪਟਨ ਵੱਲੋਂ ਆਪਣੀ ਪੁਲਿਸ ਨਾਲ ਰਲ ਕੇ ਬੇਰੁਜ਼ਗਾਰਾਂ ਦੀ ਧੂਹ ਘੜੀਸ ਵੀ ਕੀਤੀ ਗਈ। ਇਸ ਤੋਂ ਬਾਅਦ ਬੇਰੁਜ਼ਗਾਰਾਂ ਨੇ ਖਫ਼ਾ ਹੋ ਕੇ ਵਾਈਪੀਐਸ ਚੌਂਕ ਨੂੰ ਡਾਂਗਾਂ ਵਾਲਾ ਚੌਂਕ ਦਾ ਨਾਮ ਦਿੰਦਿਆਂ ਪੋਸਟਰ ਲਾ ਦਿੱਤੇ ਅਤੇ ਬੇਰੁਜ਼ਗਾਰਾਂ ਵੱਲੋਂ ਡਾਂਗਾਂ ਲਹਿਰਾਈਆਂ ਗਈਆਂ।
ਜਾਣਕਾਰੀ ਅਨੁਸਾਰ ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਆਪਣੇ ਰੁਜ਼ਗਾਰ ਸਬੰਧੀ ਵਿਲੱਖਣ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਮੋਖੋਟੇ ਵਾਲਾ ਨਕਲੀ ਕੈਪਟਨ ਅਮਰਿੰਦਰ ਸਿੰਘ ਬਣਾਇਆ ਗਿਆ ਅਤੇ ਨਾਲ ਹੀ ਨਕਲੀ ਪੁਲਿਸ ਵਾਲੇ ਤਿਆਰ ਕੀਤੇ ਗਏ। ਕੁਝ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਆਪ ਨੂੰ ਸੰਗਲਾਂ ਵਿੱਚ ਨੂੜਿਆ ਹੋਇਆ ਸੀ। ਇਸ ਵਿਲੱਖਣ ਰੋਸ ਪ੍ਰਦਰਸ਼ਨ ਲਈ ਬੇਰੁਜ਼ਗਾਰ ਅਧਿਆਪਕ ਬੀਐਸਐਨਐਲ ਪਾਰਕ ਤੋਂ ਮੋਤੀ ਮਹਿਲ ਲਈ ਰਵਾਨਾ ਹੋਏ ਅਤੇ ਜਦੋਂ ਇਹ ਬੇਰੁਜ਼ਗਾਰ ਵਾਈਪੀਐਸ ਚੌਂਕ ’ਚ ਪੁੱਜੇ ਤਾਂ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ। ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਤਿਆਰ ਕੀਤੇ ਨਕਲੀ ਕੈਪਟਨ ਬਣੇ ਬੇਰੁਜ਼ਗਾਰ ਗੁਰਪ੍ਰੀਤ ਸਿੰਘ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਬੂਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਗਿਆ ਅਤੇ ਨਕਲੀ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਧੂਹ ਘੜੀਸ ਕੀਤੀ ਗਈ। ਵਾਈਪੀਐਸ ਚੌਂਕ ’ਚ ਖੜ੍ਹੇ ਅਸਲੀ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਇਹ ਸਾਰਾ ਡਰਾਮਾ ਗਹੁ ਨਾਲ ਤੱਕ ਰਹੇ ਸਨ। ਅਸਲੀ ਪੁਲਿਸ ਵਾਲਿਆਂ ਦੀਆਂ ਡਾਂਗਾਂ ਅੱਜ ਹੱਥ ਵਿੱਚ ਹੀ ਫੜੀਆਂ ਰਹਿ ਗਈਆਂ। ਨਕਲੀ ਬਣਿਆ ਮੁੱਖ ਮੰਤਰੀ ਕੈਪਟਨ ਬੇਰੁਜ਼ਗਾਰਾਂ ’ਤੇ ਡਾਗਾਂ ਮਾਰਦਾ ਆਖ ਰਿਹਾ ਸੀ ਕਿ ਆਓ ਤੁਹਾਨੂੰ ਰੁਜ਼ਗਾਰ ਦੇਵਾਂ। ਇਸ ਤੋਂ ਬਾਅਦ ਜਿਸ ਤਰ੍ਹਾਂ ਇਨ੍ਹਾਂ ਬੇਰੁਜ਼ਗਾਰਾਂ ਨਾਲ ਅਸਲੀ ਪੁਲਿਸ ਵੱਲੋਂ ਘੜੀਸਿਆ ਜਾਂਦਾ ਰਿਹਾ, ਉਸੇ ਤਰ੍ਹਾਂ ਨਕਲੀ ਪੁਲਿਸ ਬਣੇ ਬੇਰੁਜ਼ਗਾਰਾਂ ਵੱਲੋਂ ਆਪਣੇ ਸਾਥੀਆਂ ਨੂੰ ਘੜੀਸਿਆ ਗਿਆ। ਇਸ ਪ੍ਰਦਰਸ਼ਨ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲਹਿ ਗਈਆਂ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਆਗੂ ਸੰਦੀਪ ਸਾਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਨਹੀਂ ਕੁਰਸੀਆਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਵੱਲੋਂ ਦਰਜ਼ਨਾਂ ਵਾਰ ਪੁਲਿਸ ਦੀਆਂ ਲਾਠੀਆਂ ਖਾਧੀਆਂ ਅਤੇ ਹਰ ਵਾਰ ਮੀਟਿੰਗਾਂ ਦਿੱਤੀਆਂ, ਪਰ ਇਹ ਧੋਖਾ ਹੀ ਸਾਬਤ ਹੋਈਆਂ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਸ਼ਾਮ ਨੂੰ ਮੀਟਿੰਗ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਬੇਰੁਜ਼ਗਾਰਾਂ ਵੱਲੋਂ ਵੱਖਰਾ ਪ੍ਰਦਰਸ਼ਨ ਕੀਤਾ ਗਿਆ ਤਾਂ ਜੋ ਨਕਲੀ ਕੈਪਟਨ ਵੱਲੋਂ ਕੀਤੇ ਅੱਤਿਆਚਾਰ ਨੂੰ ਦੇਖ ਕੇ ਅਸਲੀ ਕੈਪਟਨ ਜਾਗ ਪਵੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਵੇ।
ਡੰਡੇ ਵਰਾਉਣ ਮੌਕੇ ਮੇਰੇ ਹੱਥ ਕੰਬੇ : ਗੁਰਪ੍ਰੀਤ ਸਿੰਘ
ਇਸ ਮੌਕੇ ਨਕਲੀ ਕੈਪਟਨ ਬਣੇ ਬੇਰੁਜ਼ਗਾਰ ਅਧਿਆਪਕ ਗੁਰਪ੍ਰੀਤ ਸਿੰਘ ਬਾਗੜੀਆ ਨੇ ਕਿਹਾ ਕਿ ਅੱਜ ਉਸ ਵੱਲੋਂ ਬੇਰੁਜ਼ਗਾਰਾਂ ’ਤੇ ਨਾਟਕੀ ਤੌਰ ’ਤੇ ਡਾਗਾਂ ਮਾਰਨ ਮੌਕੇ ਹੱਥ ਕੰਬ ਰਹੇ ਸਨ ਅਤੇ ਆਪਣੇ ਆਪ ’ਤੇ ਘ੍ਰਿਣਾ ਆ ਰਹੀ ਸੀ। ਉਸ ਨੇ ਕਿਹਾ ਕਿ ਫਿਰ ਅਸਲੀ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਕਿਉਂ ਨਹੀਂ ਪਸੀਜ਼ ਰਿਹਾ ਕਿ ਇਨ੍ਹਾਂ ਬੇਰੁਜ਼ਾਗਰ ਅਧਿਆਪਕਾਂ ’ਤੇ ਕਿੰਨਾ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਈਟੀਟੀ ਅਧਿਆਪਕਾਂ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਪੂਰਾ ਕਰੇ। ਉਸ ਨੇ ਦੱਸਿਆ ਕਿ ਉਹ ਓਵਰਏਜ਼ ਹੋ ਚੁੱਕਾ ਹੈ ਅਤੇ ਅੱਜ ਬੇਰੁਜ਼ਗਾਰ ਅਧਿਆਪਕਾਂ ਨਾਲ ਰੁਜ਼ਗਾਰ ਦੀ ਲੜਾਈ ਲੜ ਰਿਹਾ ਹੈ।
ਨਵਜੋਤ ਸਿੱਧੂ ਨੂੰ ਵੀ ਘੇਰਾਂਗੇ : ਆਗੂ
ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਧੂ ਨੂੰ ਵੀ ਪਿੰਡਾਂ ਵਿੱਚ ਘੇਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਇਨ੍ਹਾਂ ਲੀਡਰਾਂ ਨੂੰ ਦਿਖਾਵਾਂਗੇ ਕਿ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝੂਠ ’ਚ ਨਹੀਂ ਫਸਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।