ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ ਦੀ ਕਾਰਵਾਈ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਨ ਨਾਲ ਹੋਈ। ਹਾਲਾਂਕਿ ਕਾਂਗਰਸ ਵੱਲੋਂ ਹੰਗਾਮਾ ਕਰਨ ਕਰਕੇ ਕੁਝ ਦੇਰ ਲਈ ਭਾਸ਼ਣ ਰੋਕਣਾ ਪਿਆ। ਇਸ ਤੋਂ ਬਾਅਦ ਕਾਂਗਰਸ ਨੇ ਵਾਕ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਾਜਪਾਲ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਰਾਜਪਾਲ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ’ਚ ਵੱਖ-ਵੱਖ ਪੱਧਰਾਂ ’ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਵਿੱਦਿਅਕ ਪ੍ਰਸ਼ਾਸਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਇੱਕ ਅੰਤਰਰਾਸ਼ਟਰੀ ਸਿੱਖਿਆ ਮਾਮਲਿਆਂ ਦੇ ਸੈੱਲ (ਆਈਈਏਸੀ) ਦੀ ਸਥਾਪਨਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਜ਼ਟ ਸੈਸ਼ਨ ਸ਼ੁਰੂ, ਰਾਜਪਾਲ ਦੇ ਭਾਸ਼ਨ ਨਾਲ ਹੋਈ ਸ਼ੁਰੂਆਤ
ਉਨ੍ਹਾਂ ਨੇ ਸਿੰਗਾਪੁਰ ਭੇਜੇ ਗਏ ਪਿੰ੍ਰਸੀਪਲਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਲਗਭਗ 41,043 ਕਰੋੜ ਰੁਪਏ ਦੇ ਨਿਵੇਸ਼ ਦੇ 2295 ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ ਸੂਬੇ ਦੇ ਕਰੀਬ 2,50,585 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰਾਜਪਾਲ ਨੇ ਦੱਸਿਆ ਕਿ ਅਪਰੈਲ, ਦਸੰਬਰ 2022 ਦੀ ਮਿਆਦ ਦੌਰਾਨ ਵੱਖ-ਵੱਖ ਟੈਕਸਾਂ ਤੋਂ ਸੂਬੇ ਦੀ ਕੁੱਲ ਮਾਲੀਆ ਵਸੂਲੀ ਪਿਛਲੇ ਸਾਲ ਦੇ ਮੁਕਾਬਲੇ 12.83 ਫ਼ੀਸਦੀ ਵਧੀ ਹੈ। (Punjab Budget Session)
ਇਸ ਤੋਂ ਇਲਾਵਾ ਸੂਬੇ ਦੀ ਨਿਰੋਲ ਜੀਐੱਸਟੀ ਕੁਲੈਕਸ਼ਨ ’ਚ 17.22 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਆਬਕਾਰੀ ਮਾਲੀਆ ਵੀ ਅਪਰੈਲ 2022 ਤੋਂ ਜਨਵਰੀ 2023 ਦੀ ਮਿਆਦ ’ਚ 2059 ਕਰੋੜ ਰੁਪਏ ਭਾਵ 7205.90 ਕਰੋੜ ਰੁਪਏ ਵਧਿਆ ਹੈ। (Punjab Budget Session)