ਜਿਹੜਾ ਹੈਲੀਪੈਡ ’ਤੇ ਪਾਰਟੀ ’ਚ ਸ਼ਾਮਲ ਹੋ ਗਿਆ, ਉਹਦੇ ਬਾਰੇ ਕੀ ਆਖਾਂ, ਬੱਸ ਰਹਿਣ ਹੀ ਦਿਓ’

Bhagwant Maan Sachkahoon

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਸੁਖਪਾਲ ਖਹਿਰਾ ’ਤੇ ਤਿੱਖਾ ਹਮਲਾ

  • ਕਿਹਾ, ‘ਜਿਹੜਾ ਕੈਪਟਨ ਖ਼ੁਦ ਹੱਥ ਜੋੜ ਕੇ ਹਾਈਕਮਾਨ ਕੋਲ ਪੇਸ਼ ਹੋਣ ਗਿਐ, ਉਹ ਦੇਵੇਗਾ ਖਹਿਰਾ ਨੂੰ ਖ਼ੁਦਮੁਖ਼ਤਿਆਰੀ’

ਚੰਡੀਗੜ, (ਅਸ਼ਵਨੀ ਚਾਵਲਾ)। ‘ਸਿਆਸਤ ਵਿੱਚ ਕੁਝ ਲੀਡਰ ਸਿਰਫ਼ ਆਪਣੀਆਂ ਗੋਟੀਆਂ ਫਿਕਸ ਕਰਨ ਲਈ ਹੀ ਆਉਂਦੇ ਹਨ। ਉਹ ਲੀਡਰ ਕਦੇ ਇੱਧਰ ਹੁੰਦੇ ਹਨ ਤਾਂ ਕਦੇ ਉੱਧਰ, ਉਨ੍ਹਾਂ ਵਿੱਚੋਂ ਇੱਕ ਸੁਖਪਾਲ ਸਿੰਘ ਖਹਿਰਾ ਹਨ। ਸੁਖਪਾਲ ਖਹਿਰਾ ਦਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਦਮ ਘੁੱਟ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਖ਼ੁਦਮੁਖ਼ਤਿਆਰੀ ਚਾਹੀਦੀ ਸੀ, ਹੁਣ ਉਹ ਮੁੜ ਕਾਂਗਰਸ ਪਾਰਟੀ ਵਿੱਚ ਚਲੇ ਗਏ ਹਨ। ਉਹ ਪੁੱਛਣਾ ਚਾਹੁੰਦੇ ਹਨ ਕਿ ਜਿਹੜਾ ਕੈਪਟਨ ਖ਼ੁਦ ਹੱਥ ਜੋੜ ਕੇ ਅੱਜ ਹਾਈ ਕਮਾਨ ਕੋਲ ਪੇਸ਼ ਹੋਣ ਲਈ ਗਿਆ ਹੈ, ਉਹ ਕੈਪਟਨ ਹੁਣ ਸੁਖਪਾਲ ਖਹਿਰਾ ਨੂੰ ਖ਼ੁਦ ਮੁਖ਼ਤਿਆਰੀ ਦੇਵੇਗਾ? ਜਿਹੜਾ ਸੁਖਪਾਲ ਖਹਿਰਾ ਹੈਲੀਪੈਡ ’ਤੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ ਹੋਵੇ, ਉਸ ਬਾਰੇ ਮੈਂ ਕੀ ਆਖਾਂ, ਬੱਸ ਰਹਿਣ ਹੀ ਦਿਓ।’ ਇਹ ਤਿੱਖਾ ਹਮਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੁਖਪਾਲ ਖਹਿਰਾ ’ਤੇ ਕੀਤਾ ਹੈ।

ਭਗਵੰਤ ਮਾਨ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹੁਣ ਹੈਲੀਪੈਡ ’ਤੇ ਵਿਧਾਇਕਾਂ ਨੂੰ ਸ਼ਾਮਲ ਕਰਨ ਲੱਗ ਪਈ ਹੈ ਤਾਂ ਭਵਿੱਖ ਵਿੱਚ ਪਤਾ ਨਹੀਂ ਕਿਹੜੀ-ਕਿਹੜੀ ਥਾਂ ’ਤੇ ਲੀਡਰਾਂ ਨੂੰ ਸ਼ਾਮਲ ਕਰਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਕੁਝ ਲੋਕ ਮੌਕਾਪ੍ਰਸਤ ਹੀ ਹੁੰਦੇ ਹਨ ਅਤੇ ਉਹ ਹਰ ਸਮੇਂ ਆਪਣੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਉਨ੍ਹਾਂ ਵਿੱਚ ਹੀ ਸੁਖਪਾਲ ਖਹਿਰਾ, ਪਿਰਮਲ ਸਿੰਘ ਅਤੇ ਜਗਦੇਵ ਕਮਾਲੂ ਸ਼ਾਮਲ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਕੀ ਦੱਸਣਗੇ ਕਿ ਹੁਣ ਪੰਜਾਬ ਵਿੱਚ ਮਾਫ਼ੀਆ ਰਾਜ ਖ਼ਤਮ ਹੋ ਗਿਆ ਹੈ। ਕੀ ਨਸ਼ੇ ਖ਼ਤਮ ਹੋ ਗਏ ਹਨ ਜਾਂ ਫਿਰ ਟਰਾਂਸਪੋਰਟ ਮਾਫ਼ੀਆ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਹੁਣ ਸਾਰਾ ਕੁਝ ਭੁੱਲ ਗਿਆ ਹੋਣੈ। ਭਗਵੰਤ ਮਾਨ ਨੇ ਇੱਥੇ ਇਹ ਵੀ ਕਿਹਾ ਕਿ ਸੁਖਪਾਲ ਖਹਿਰਾ ਤਾਂ ਝੂਠ ਵੀ ਇੰਗਲਿਸ਼ ਵਿੱਚ ਬੋਲਦੇ ਹਨ ਤਾਂ ਕਿ ਪੰਜਾਬ ਦੀ ਜਨਤਾ ਨੂੰ ਸਮਝ ਹੀ ਨਾ ਆਵੇ ਕਿ ਉਹ ਝੂਠ ਕੀ ਬੋਲ ਰਹੇ ਹਨ।

ਕੋਰੋਨਾ ਮਹਾਂਮਾਰੀ ’ਚ ਪੰਜਾਬ ਨੂੰ ਛੱਡ ਦਿੱਲੀ ’ਚ ਕੁਰਸੀ-ਕੁਰਸੀ ਖੇਡ ਰਹੇ ਹਨ ਕੈਪਟਨ

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਕੋਰੋਨਾ ਦੀ ਮਹਾਂਮਾਰੀ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਅਤੇ ਪੰਜਾਬ ਵਿੱਚ ਵੈਕਸੀਨ ਨਹੀਂ ਹੈ ਤਾਂ ਉਸ ਸਮੇਂ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਸਣੇ ਕਾਂਗਰਸੀ ਵਿਧਾਇਕ ਦਿੱਲੀ ਵਿਖੇ ਕੁਰਸੀ-ਕੁਰਸੀ ਖੇਡ ਰਹੇ ਹਨ। ਇਨ੍ਹਾਂ ਵਿੱਚੋਂ ਕਿਸੇ ਨੂੰ ਕੁਰਸੀ ਚਾਹੀਦੀ ਹੈ ਤਾਂ ਕੋਈ ਆਪਣੀ ਕੁਰਸੀ ਬਚਾਉਣ ਦੇ ਜੁਗਾੜ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਖੇਡਾਂ ਬਾਅਦ ਵਿੱਚ ਵੀ ਹੋ ਸਕਦੀਆਂ ਸਨ, ਇਹ ਸਮਾਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਦਾ ਹੈ ਨਾ ਕਿ ਦਿੱਲੀ ਬੈਠ ਕੇ ਪੰਜਾਬੀਆਂ ਨੂੰ ਮੌਤ ਦੇ ਮੂੰਹ ਵਿੱਚ ਇਕੱਲੇ ਛੱਡਣ ਦਾ ਹੈ।

ਸਰਕਾਰਾਂ ਡਿਗਦੀ ਦੇਖੀਆਂ ਸਨ ਕੈਬਨਿਟ ਵਿੱਚ ਮਤੇ ਡਿਗਦੇ ਪਹਿਲੀ ਵਾਰ ਦੇਖੇ

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਬਹੁਮਤ ਨਾ ਹੋਣ ਦੇ ਚਲਦੇ ਸਰਕਾਰਾਂ ਡਿਗਦੀ ਦੇਖੀਆਂ ਹਨ ਪਰ ਕੈਬਨਿਟ ਮੀਟਿੰਗ ਵਿੱਚ ਏਜੰਡੇ ਡਿੱਗਦੇ ਪਹਿਲੀ ਵਾਰ ਦੇਖੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਪੇਸ਼ ਹੋਏ 34 ਮਤਿਆਂ ਵਿੱਚੋਂ ਸਿਰਫ਼ 2 ਨੂੰ ਹੀ ਪਾਸ ਕੀਤਾ ਗਿਆ, ਜਦੋਂ ਕਿ 32 ਏਜੰਡੇ ਇਸ ਕਰਕੇ ਡਿੱਗ ਗਏ ਕਿ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਦਿੱਲੀ ਵਿਖੇ ਸ਼ਿਕਾਇਤਾਂ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਕੋਲ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਦਾ ਸਮਾਂ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।