Jagjit Dallewal: (ਬਲਕਾਰ ਸਿੰਘ) ਖਨੌਰੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰਿੰਸੀਪਲ ਸੈਕਟਰੀ ਆਈਏਐਸ ਕੇਜੀਐਸ ਚੀਮਾ ਨੇ ਅੱਜ ਖਨੌਰੀ ਬਾਰਡਰ ਉੱਪਰ ਪਹੁੰਚ ਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਪਤਾ ਲਿਆ। ਇਸ ਸਮੇਂ ਉਨ੍ਹਾਂ ਡੱਲੇਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੀ ਕਿਸਾਨ ਦੇ ਪੁੱਤਰ ਹਨ ਅਤੇ ਕਿਸਾਨੀ ਪ੍ਰਤੀ ਤੁਹਾਡੀ ਸੇਵਾ ਅਤੇ ਦ੍ਰਿੜਤਾ ਨੂੰ ਸਜਦਾ ਕਰਦੇ ਹਨ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ‘ਤੇ ਮਰਨ ਵਰਤ ਉੱਪਰ ਬੈਠੇ ਅੱਜ 77 ਦਿਨ ਹੋ ਚੱਲੇ ਹਨ, ਇਸ ਦੌਰਾਨ ਉਨ੍ਹਾਂ ਦੀ ਸਿਹਤ ਕਾਫੀ ਡਿੱਗ ਗਈ ਹੈ।
ਇਹ ਵੀ ਪੜ੍ਹੋ: Khanauri Kisan Mahapanchayat: ਖਨੌਰੀ ਦੀ ਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ ’ਤੇ
ਉਨ੍ਹਾਂ ਕਿਹਾ ਕਿ ਜਿਨ੍ਹਾਂ ਛੇਤੀ ਹੋ ਸਕੇ ਸਾਰੀਆਂ ਧਿਰਾਂ ਨੂੰ ਰਲਕੇ ਜਲਦੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਕੇ ਇਸ ਸੀਨੀਅਰ ਆਗੂ ਨੂੰ ਬਚਾਇਆ ਜਾਵੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਕੱਲੇ ਪੰਜਾਬ ਦੇ ਨਹੀਂ ਸਗੋਂ ਸਮੁੱਚੇ ਭਾਰਤ ਦੇ ਕਿਸਾਨਾਂ ਦੇ ਮਹਾਂਨਾਇਕ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸਾਡੇ ਦੇਸ਼ ਦਾ ਧੁਰਾ ਹੈ। ਇਸ ਲਈ ਕਿਸਾਨੀ ਮੰਗਾਂ ਪ੍ਰਤੀ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਸਮੇਂ ਉਨ੍ਹਾਂ ਨਾਲ ਜੈਪਾਲ ਸਿੰਘ ਮੂਣਕ, ਗੋਲਡੀ ਮੂਣਕ ਆਦਿ ਹਾਜ਼ਰ ਸਨ।