ਸੈਰ ‘ਤੇ ਨਿਕਲੇ 182 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ, ਪੁਲਿਸ ਵਲੋਂ ਕੀਤੀ ਗਈ ਸਪੈਸ਼ਲ ਛਾਪੇਮਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਦੇ ਲੋਕਾਂ ਨੂੰ ਸੈਰ ਨਾਲ ਇੰਨਾ ਮੋਹ ਹੈ ਕਿ ਲਾਕ ਡਾਊਨ ਦੇ ਬਾਵਜੂਦ ਵੀ ਰੋਜ਼ਾਨਾ ਸੈਰ ‘ਤੇ ਨਿਕਲ ਰਹੇ ਹਨ। ਪੁਲਿਸ ਵਲੋਂ ਵਾਰ ਵਾਰ ਰੋਕਣ ਤੋਂ ਬਾਅਦ ਵੀ ਬਾਜ਼ ਨਹੀਂ ਆਏ ਇਨਾਂ ਚੰਡੀਗੜੀਆਂ ਦਾ ਸੁਆਗਤ ਸੋਮਵਾਰ ਨੂੰ ਖ਼ੁਦ ਪੁਲਿਸ ਨੇ ਪਾਰਕਾਂ ਵਿੱਚ ਕੀਤੀ। ਜਿਥੇ ਕਿ ਸੈਰ ਕਰਨ ਵਾਲੇ ਲੋਕਾਂ ਦਾ ਸੁਆਗਤ ਕਰਨ ਤੋਂ ਬਾਅਦ ਉਨਾਂ ਦੀ ਆਉ ਭਗਤ ਵੀ ਵੱਖ-ਵੱਖ ਥਾਣੇ ਵਿੱਚ ਲੈ ਜਾ ਕੇ ਕੀਤੀ ਗਈ। ਹਾਲਾਂਕਿ ਕੁਝ ਘੰਟੇ ਬਾਅਦ ਸਾਰੀਆਂ ਨੂੰ ਜ਼ਮਾਨਤ ਦਿੰਦੇ ਹੋਏ ਰਿਹਾ ਕਰ ਦਿੱਤਾ ਗਿਆ ਪਰ ਇਨਾਂ ਲਗਭਗ 56 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਿਨਾਂ ਨੂੰ ਅਦਾਲਤ ਦੇ ਚੱਕਰ ਵੀ ਲਗਾਉਣ ਨੂੰ ਹੁਣ ਮਜਬੂਰ ਹੋਣਾ ਪਏਗਾ।
ਚੰਡੀਗੜ ਦੀ ਐਸਐਸਪੀ ਨੀਲਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਕੋਰੋਨਾ ਦੌਰਾਨ ਸਮਾਜਿਕ ਦੂਰੀ ਬਹੁਤ ਹੀ ਜਿਆਦਾ ਜਰੂਰੀ ਹੈ, ਜਿਸ ਕਾਰਨ ਹੀ ਲਾਕ ਡਾਊਨ ਕੀਤਾ ਗਿਆ ਹੈ ਪਰ ਕੁਝ ਪਾਰਕਾਂ ਵਿੱਚ ਸਵੇਰੇ ਲੋਕ ਸੈਰ ਕਰਦੇ ਹੋਏ ਆਮ ਦੇਖੇ ਜਾ ਰਹੇ ਸਨ। ਜਿਨਾਂ ਨੂੰ ਸ਼ੁਰੂਆਤ ਵਿੱਚ ਚਿਤਾਵਨੀ ਦਿੰਦੇ ਛੱਡ ਦਿੱਤਾ ਗਿਆ ਕਿ ਉਹ ਮੁੜ ਕੇ ਨਹੀਂ ਆਉਣਗੇ ਪਰ ਚੰਡੀਗੜ ਦੇ ਜ਼ਿਆਦਾਤਰ ਸੈਕਟਰਾਂ ਵਿੱਚ ਲੋਕਾਂ ‘ਤੇ ਪੁਲਿਸ ਦੀ ਇਸ ਸਲਾਹ ਦਾ ਕੋਈ ਅਸਰ ਨਹੀਂ ਪਿਆ। ਜਿਸ ਕਾਰਨ ਸੋਮਵਾਰ ਨੂੰ ਹੀ ਪੁਲਿਸ ਵਲੋਂ ਸਪੈਸ਼ਲ ਅਭਿਆਨ ਚਲਾਉਂਦੇ ਹੋਏ ਚੰਡੀਗੜ ਦੇ ਜ਼ਿਆਦਾਤਰ ਪਾਰਕ ਅਤੇ ਸੁੱਖਣਾ ਝੀਲ ‘ਤੇ ਛਾਪੇਮਾਰੀ ਕੀਤੀ ਗਈ। ਜਿਥੇ ਕਿ 182 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ 450 ਤੋਂ ਜਿਆਦਾ ਲੋਕਾਂ ਨੂੰ ਰਾਉਂਡਅਪ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਸਬੰਧਿਤ ਥਾਣੇ ਵਿਖੇ ਲੈ ਜਾਇਆ ਗਿਆ, ਜਿਥੇ ਜਾ ਕੇ ਉਨਾਂ ਨੂੰ ਜ਼ਮਾਨਤ ਦਿੰਦੇ ਹੋਏ ਛੱਡ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।