ਆੜ੍ਹਤੀਆ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਕੈਬਨਿਟ ਮੰਤਰੀ ਨਾਲ ਕੀਤੀ ਮੀਟਿੰਗ
ਸੰਗਰੂਰ, (ਨਰੇਸ਼ ਕੁਮਾਰ) ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀ ਸਬੰਧੀ ਜਿਹੜੇ ਆਰਡੀਨੈਂਸ ਲਿਆਂਦੇ ਗਏ ਹਨ ਉਨ੍ਹਾਂ ਦਾ ਹਰ ਪੱਧਰ ‘ਤੇ ਵਿਰੋਧ ਆੜ੍ਹਤੀਆ ਵਰਗ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਮਿਲ ਕੇ ਕੀਤਾ ਜਾਵੇਗਾ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹ ਇੱਥੇ ਪੰਜਾਬ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨਾਲ ਆਰਡੀਨੈਂਸ ਦਾ ਵਿਰੋਧ ਕਰਨ ਲਈ ਗੱਲਬਾਤ ਕਰਨ ਲਈ ਮੀਟਿੰਗ ਕਰ ਰਹੇ ਸਨ
ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਆੜ੍ਹਤੀਆ ਹਨ ਅਤੇ ਸਮੁੱਚੇ ਕਿਸਾਨ ਤੇ ਮਜ਼ਦੂਰ ਵਰਗ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਪੰਜਾਬ ਦਾ ਸਮੁੱਚਾ ਆੜ੍ਹਤੀਆ ਵਰਗ ਖੇਤੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਵਿਰੁੱਧ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਹਰ ਪੱਧਰ ‘ਤੇ ਪ੍ਰਦਰਸ਼ਨ ਕਰੇਗਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਆਪਣੀ ਵਪਾਰੀ ਮਿੱਤਰ ਮੰਡਲੀ ਨੂੰ ਖੁਸ਼ ਕਰਨ ਲਈ ਇਕਦਮ ਲਿਆਂਦੇ ਗਏ ਹਨ ਜਿਸ ਨੂੰ ਕਦੇ ਵੀ ਕਾਨੂੰਨ ਦਾ ਰੂਪ ਨਹੀਂ ਦੇਣ ਦਿੱਤਾ ਜਾਵੇਗਾ
ਉਨ੍ਹਾਂ ਕਿਹਾ ਕਿ ਜੇਕਰ ਇਹ ਆਰਡੀਨੈਂਸ ਕਾਨੂੰਨ ਦਾ ਰੂਪ ਬਣਦੇ ਹਨ ਤਾਂ ਮੰਡੀਆਂ ਨਾਲ ਜੁੜਿਆ ਪੰਜਾਬ ਆੜ੍ਹਤੀਆ ਤੇ ਮਜ਼ਦੂਰ ਵਰਗ ਬਰਬਾਦ ਹੋ ਜਾਵੇਗਾ ਪੰਜਾਬ ਦੇ 9 ਲੱਖ ਤੋਂ ਜ਼ਿਆਦਾ ਲੋਕ ਮੰਡੀ ਨਾਲ ਜੁੜੇ ਹੋਏ ਹਨ ਪੰਜਾਬ ਵਿੱਚ ਮੰਡੀਆਂ ਨੂੰ ਧਾਰਮਿਕ ਸਥਾਨ ਦਾ ਰੁਤਬਾ ਦਿੱਤਾ ਜਾਂਦਾ ਹੈ ਕਿਉਂਕਿ ਮੰਡੀਆਂ ਵਿੱਚ ਕਿਸਾਨ ਆਪਣੀ ਛੇ ਮਹੀਨਿਆਂ ਦੀ ਕਿਰਤ ਲਿਆ ਕੇ ਸੁੱਟਦਾ ਹੈ ਤੇ ਇੱਥੇ ਹੀ ਵਪਾਰੀ ਤੇ ਸਰਕਾਰੀ ਏਜੰਸੀਆਂ ਉਸ ਦੀ ਖਰੀਦ ਕਰਦੀਆਂ ਹਨ ਉਨ੍ਹਾਂ ਕਿਹਾ ਕਿ ਏਨੇ ਲੰਮੇ ਸਮੇਂ ਚੱਲ ਰਹੀ ਇਸ ਪ੍ਰਕ੍ਰਿਆ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਨੂੰਨ ਇੱਕ ਦਿਨ ਵਿੱਚ ਮਲੀਆਮੇਟ ਕਰ ਦੇਣਗੇ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਆਰਡੀਨੈਂਸਾਂ ਖਿਲਾਫ਼ ਸੰਸਦ ਦੇ ਅੰਦਰ ਤੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਪਾਰੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਉਸ ਨੂੰ ਮਜ਼ਦੂਰਾਂ ਤੇ ਕਿਸਾਨਾਂ ਦਾ ਦਰਦ ਸਮਝ ਨਹੀਂ ਆ ਰਿਹਾ ਪਰ ਕਾਂਗਰਸ ਪਾਰਟੀ ਆਰੰਭ ਤੋਂ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨਾਲ ਖੜ੍ਹੀ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਹਰ ਪੱਧਰ ‘ਤੇ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.