ਭਾਕਿਯੂ ਏਕਤਾ (ਉਗਰਾਹਾਂ) ਨੇ ਬਰਨਾਲਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਚੋਣਾਂ ਸਬੰਧੀ ਆਪਣੀ ਵਿਚਾਰਧਾਰਾ ਕੀਤੀ ਸਪੱਸ਼ਟ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇੱਥੇ ਸੂਬਾ ਪੱਧਰੀ ਮੀਟਿੰਗ ਕਰਕੇ ਜਥੇਬੰਦੀ ਦੀ ਅਗਾਮੀ 2022 ਦੀਆਂ ਚੋਣਾਂ ਸਬੰਧੀ ਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ‘ਉਹ ਨਾ ਚੋਣਾਂ ਲੜਨਗੇ ਤੇ ਨਾ ਹੀ ਕਿਸੇ ਦੇ ਹੱਕ ’ਚ ਖੜਨਗੇ, ਸਗੋਂ ਲੋਕ ਮੁੱਦਿਆਂ ਨੂੰ ਉਭਾਰਨ ਦੇ ਨਾਲ ਨਾਲ ਪਹਿਲਾਂ ਦੀ ਤਰ੍ਹਾਂ ਰਾਜਸੀ ਪਾਰਟੀਆਂ ਦੇ ਕਿਰਦਾਰਾਂ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣਗੇ। ਜਿਸ ਸਬੰਧੀ ਅੱਜ ਜਥੇਬੰਦੀ ਦੀ ਵਿਚਾਰਧਾਰਾ ਸਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਹੈ।’
ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸਿੰਗਾਰਾ ਸਿੰਘ ਮਾਨ, ਝੰਡਾ ਸਿੰਘ ਜੇਠੂਕੇ ਤੇ ਜਥੇਬੰਦੀ ਦੀ ਇਸਤਰੀ ਵਿੰਗ ਆਗੂ ਹਰਿੰਦਰ ਬਿੰਦੂ ਦੱਸਿਆ ਕਿ ਮੀਟਿੰਗ ਦੌਰਾਨ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਥੇਬੰਦੀ ਦੀ ਵਿਚਾਰਧਾਰਾ ਬਿਆਨਦਾ ਇੱਕ ਕਿਤਾਬਚਾ ਜਾਰੀ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਭਰਮ-ਭੁਲੇਖੇ ’ਚ ਨਾ ਰਹੇ। ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਦੀ ਨੀਤੀ ਸ਼ੁਰੂ ਤੋਂ ਹੀ ਇਸ ਗੱਲ ’ਤੇ ਕੇਂਦਰਿਤ ਰਹੀ ਹੈ ਕਿ ਲੋਕ ਮੁੱਦਿਆਂ ਨੂੰ ਉਭਾਰ ਕੇ ਹੱਲ ਕਰਵਾਇਆ ਜਾਵੇ ਅਤੇ ਖਾਸਕਰ ਚੋਣਾਂ ਦੌਰਾਨ ਕੇਂਦਰੀ/ ਰਾਜ ਪੱਧਰੀ ਰਾਜਸੀ ਪਾਰਟੀਆਂ ਦੇ ਕਿਰਦਾਰ ਨੂੰ ਜੱਗ ਜਾਹਰ ਕੀਤਾ ਜਾਵੇ ਕਿਉਂਕਿ ਲੋਕਾਂ ਦਾ ਕਲਿਆਣ ਇੰਨਾਂ ਰਾਜਸੀ ਪਾਰਟੀਆਂ/ਅਹੁਦੇਦਾਰਾਂ ਨੇ ਨਹੀਂ ਬਲਕਿ ਲੋਕ ਏਕਤਾ ਤੇ ਸੰਘਰਸ਼ਾਂ ਜਰੀਏ ਹੀ ਹੋਣਾ ਹੈ। ਜਿਸ ਦੀ ਤਾਜ਼ਾ ਮਿਸਾਲ ਕਿਸਾਨ ਅੰਦੋਲਨ ਤਹਿਤ ਰੱਦ ਕਰਵਾਏ ਗਏ ਖੇਤੀ ਕਾਨੂੰਨਾਂ ਤੋਂ ਮਿਲਦੀ ਹੈ।
‘ਪੰਜਾਬ ਚੋਣਾਂ, ਬੀਕੇਯੂ ਏਕਤਾ (ਉਗਰਾਹਾਂ) ਕੀ ਕਹਿੰਦੀ ਹੈ’ ਦੇ ਨਾਂਅ ਹੇਠ ਜਾਰੀ ਕੀਤਾ ਗਿਆ ਕਿਤਾਬਚਾ ਜਥੇਬੰਦੀ ਦੇ ਆਗੂਆਂ ਮੁਤਾਬਕ ਲੋਕਾਂ ਜਾਗਰੂਕਤਾ ਲਿਆਵੇਗਾ, ਕਿ ਕਿਵੇਂ ਚੋਣਾਂ ਲੋਕਾਂ ਨੂੰ ਪਾੜਦੀਆਂ ਨੇ, ਕਿਵੇਂ ਉਨਾਂ ਨੂੰ ਖਿੰਡਾਉਂਦੀਆਂ ਨੇ, ਕਿਵੇਂ ਉਨ੍ਹਾਂ ਦੀ ਏਕਤਾ ਨੂੰ ਤੋੜ ਕੇ ਸੰਘਰਸ਼ਾਂ ਤੋਂ ਪਾਸੇ ਕਰਨ ਦਾ ਕੰਮ ਕਰਦੀਆਂ ਨੇ ਬਾਰੇ ਚਾਨਣਾ ਪਾਵੇਗਾ। ਇਸ ਤੋਂ ਇਲਾਵਾ ਇਸ ਵਿੱਚ ਖਜ਼ਾਨਾ ਕਿੱਥੋਂ ਭਰਦਾ ਹੈ, ਕਿਨਾਂ ’ਤੇ ਲਾਗੂ ਹੁੰਦਾ ਹੈ, ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ ਆਦਿ ਸਰਕਾਰਾਂ ਦੇ ਪਾਜ ਉਘੇੜੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਵੀ ਸਰਕਾਰਾਂ ਦੀ ਅਸਲ ਸੱਚਾਈ ਦਾ ਪਤਾ ਲੱਗੇ ਤੇ ਉਹ ਚੇਤਨ ਹੋ ਕੇ ਆਪਣੇ ਹੱਕਾਂ ਲਈ ਜੁੜ ਕੇ ਸੰਘਰਸ਼ ਕਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ