ਰੱਦ ਹੋਣਗੇ ਸਾਰੇ ਬਿਜਲੀ ਐਗਰੀਮੈਂਟ, ਬਕਾਇਆ ਖੜੇ ਬਿੱਲ ਵੀ ਹੋਣਗੇ ਮੁਆਫ਼
- ਨਹੀਂ ਲੱਗਣਗੇ ਪੰਜਾਬ ’ਚ ਬਿਜਲੀ ਕੱਟ, 24 ਘੰਟੇ ਬਿਜਲੀ ਦੇਣ ਦਾ ਐਲਾਨ
ਅਸ਼ਵਨੀ ਚਾਵਲਾ, ਚੰਡੀਗੜ । ਆਮ ਆਦਮੀ ਪਾਰਟੀ ਨੇ ਬਿਜਲੀ ਦੇ ਮੁੱਦੇ ’ਤੇ ਪੰਜਾਬ ਦੀ ਸਿਆਸਤ ਭਖਾਉਂਦੇ ਹੋਏ ਆਪਣਾ ਹੁਕਮ ਦਾ ਪੱਤਾ ਸੁੱਟਿਆ ਹੈ। ਅਰਵਿੰਦ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਪੰਜਾਬ ਦੀ ਸੱਤਾ ਵਿੱਚ ਉਨਾਂ ਦੀ ਪਾਰਟੀ ਆਈ ਤਾਂ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ ਮਿਲੇਗੀ। ਕੇਜਰੀਵਾਲ ਨੇ ਇਥੇ ਇਹ ਵੀ ਸਪਸ਼ਟ ਕੀਤਾ ਕਿ 300 ਯੂਨਿਟ ਹਰ ਪਰਿਵਾਰ ਨੂੰ ਮਿਲੇਗਾ, ਉਹ ਪਰਿਵਾਰ ਭਾਵੇਂ ਕੋਈ ਵੀ ਹੋਵੇ ਅਤੇ ਉਨਾਂ ਦੇ ਘਰ ਵਿੱਚ ਜਿੰਨਾ ਵੀ ਮਰਜ਼ੀ ਬਿਜਲੀ ਦੀ ਲੋੜ ਹੋਵੇ। ਪੰਜਾਬ ਵਿੱਚ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਹੋਏਗਾ, ਜਿਸ ਨੂੰ ਕਿ ਇਸ ਮੁਫ਼ਤ ਬਿਜਲੀ ਦਾ ਫਾਇਦਾ ਨਹੀਂ ਮਿਲੇਗਾ।
ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ਪੰਜਾਬ ਦੇ 70-80 ਫੀਸਦੀ ਲੋਕਾਂ ਦਾ ਬਿਜਲੀ ਦੀ ਬਿਲ ਜ਼ੀਰੋ ਹੋ ਜਾਏਗਾ ਅਤੇ ਇਨਾਂ 70-80 ਫੀਸਦੀ ਲੋਕਾਂ ਨੂੰ ਕੋਈ ਵੀ ਬਿੱਲ ਭਰਨ ਦੀ ਜਰੂਰਤ ਹੀ ਨਹੀਂ ਪਏਗੀ। ਅਰਵਿੰਦ ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਣੇ ਭਾਜਪਾ ਲਈ ਕਾਫ਼ੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ, ਕਿਉਂਕਿ ਇਹ ਐਲਾਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਹਰ ਘਰ ਤੱਕ ਪੁੱਜਣ ਦੀ ਸਫ਼ਲ ਕੋਸ਼ਸ਼ ਕੀਤੀ ਹੈ। ਹਾਲਾਂਕਿ ਇਹ ਸਾਰਾ ਕੁਝ ਕੀਤਾ ਕਿਵੇਂ ਜਾਏਗਾ, ਇਸ ਸਬੰਧੀ ਉਨਾਂ ਨੇ ਕੋਈ ਡਿਟੈਲ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਇਹ ਐਲਾਨ ਕਰਨ ਲਈ ਦਿੱਲੀ ਤੋਂ ਪੰਜਾਬ ਆਏ ਸਨ ਅਤੇ ਉਨਾਂ ਨੇ ਚੰਡੀਗੜ ਦੇ ਪ੍ਰੈਸ ਕਲੱਬ ’ਚ ਪ੍ਰੈਸ ਕਾਨਫਰੰਸ ਕੀਤੀ। ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਬਾਕੀ ਪਾਰਟੀਆਂ ਵਾਂਗ ਵਾਅਦੇ ਨਹੀਂ ਕਰਦੇ ਹਨ, ਉਨਾਂ ਦੀ ਪਾਰਟੀ ਗਰੰਟੀ ਦਿੰਦੀ ਹੈ। ਇਸ ਲਈ ਉਹ ਪੰਜਾਬ ਦੇ ਲੋਕਾਂ ਲਈ ਬਿਜਲੀ ਗਰੰਟੀ ਲੈ ਕੇ ਆਏ ਹਨ। ਜਿਸ ਵਿੱਚ 3 ਐਲਾਨ ਕੀਤੇ ਜਾ ਰਹੇ ਹਨ। ਪਹਿਲਾ ਐਲਾਨ ਵਿੱਚ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ ਮਿਲੇਗੀ। ਦੂਜਾ ਐਲਾਨ ਪੰਜਾਬ ਦੇ ਪੁਰਾਣੇ ਪੈਡਿੰਗ ਚਲ ਰਹੇ ਸਾਰੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਜਿੰਨਾ ਦੇ ਕਨੈਕਸ਼ਨ ਕੱਟਿਆ ਗਿਆ ਸੀ, ਉਨਾਂ ਦੇ ਕੁਨੈਕਸ਼ਨ ਬਹਾਲ ਕਰ ਦਿੱਤੇ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਇਹ ਦੋਹੇ ਕੰਮ ਸੱਤਾ ਵਿੱਚ ਆਉਂਦੇ ਸਾਰ ਪਹਿਲੀ ਕਲਮ ਨਾਲ ਕਰ ਦਿੱਤੇ ਜਾਣਗੇ। ਇਸ ਨਾਲ ਤੀਜਾ ਐਲਾਨ ਪੰਜਾਬ ਵਿੱਚ 24 ਘੰਟੇ ਬਿਜਲੀ ਦੇਣ ਦਾ ਹੈ ਪਰ ਇਸ ਐਲਾਨ ਨੂੰ ਲਾਗੂ ਕਰਨ ਲਈ 2-3 ਸਾਲ ਦਾ ਸਮਾਂ ਲਗ ਸਕੇਗਾ ਕਿਉਂਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਐਗਰੀਮੈਂਟ ਰੱਦ ਕਰਦੇ ਹੋਏ ਦੇਖਣਗੇ ਕਿ 24 ਘੰਟੇ ਬਿਜਲੀ ਕਿਵੇਂ ਦਿੱਤੀ ਜਾ ਸਕਦੀ ਹੈ।
ਬਿਜਲੀ ਕੰਪਨੀਆਂ ਅਤੇ ਸਰਕਾਰ ਵਿਚਕਾਰ ਚਲ ਰਹੀ ਐ ਗੰਢ-ਤੁਪ
ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਬਿਜਲੀ ਕੰਪਨੀਆਂ ਅਤੇ ਸਰਕਾਰ ਵਿਚਕਾਰ ਗੰਢ-ਤੁਪ ਚਲ ਰਹੀ ਹੈ ਪਰ ਇਸ ਸਾਂਠਗਾਂਠ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਉਣ ਤੋਂ ਬਾਅਦ ਤੋੜ ਦਿੱਤਾ ਜਾਏਗਾ, ਜਿਸ ਦਾ ਫਾਇਦਾ ਸਿੱਧੇ ਤੌਰ ’ਤੇ ਪੰਜਾਬ ਦੀ ਜਨਤਾ ਨੂੰ ਮਿਲੇਗਾ। ਉਨਾਂ ਕਿਹਾ ਕਿ ਹੈਰਾਨੀ ਵਾਲੀ ਗਲ ਹੈ ਕਿ ਪੰਜਾਬ ਸਰਕਾਰ ਆਪਣੇ ਬਜਟ ਅਨੁਸਾਰ ਹਰ ਵਿਅਕਤੀ ’ਤੇ ਹਰ ਸਾਲ 60 ਹਜ਼ਾਰ ਰੁਪਏ ਖ਼ਰਚ ਕਰਦੀ ਹੈ ਪਰ ਇਹ ਪੈਸਾ ਜਾਂਦਾ ਕਿਥੇ ਹੈ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ।
301 ਯੂਨਿਟ ਹੋਏ ਤਾਂ ਭਰਨਾ ਪਏਗਾ ਸਾਰਾ ਬਿੱਲ
ਪੰਜਾਬ ਵਿੱਚ ਭਾਵੇਂ 300 ਯੂਨਿਟ ਤੱਕ ਬਿਜਲੀ ਬਿੱਲ ਮੁਆਫ਼ ਕਰਨ ਦਾ ਐਲਾਨ ਅਰਵਿੰਦ ਕੇਜਰੀਵਾਲ ਨੇ ਕਰ ਦਿੱਤਾ ਹੈ ਪਰ ਬਿਜਲੀ ਦੀ ਖਪਤ 301 ਯੂਨਿਟ ਤੋਂ ਉੱਪਰ ਪੁੱਜੀ ਤਾਂ ਸਾਰਾ ਬਿੱਲ ਭਰਨਾ ਪਏਗਾ। ਇਸ ਲਈ ਜਿਨਾਂ ਪਰਿਵਾਰਾਂ ਦੀ ਬਿਜਲੀ ਖਪਤ 300 ਤੋਂ ਹੇਠਾਂ ਰਹੇਗੀ, ਉਨਾਂ ਨੂੰ ਹੀ ਇਸ ਸਕੀਮ ਦਾ ਫਾਇਦਾ ਹੋਏਗਾ। ਜਿਨਾਂ ਪਰਿਵਾਰਾਂ ਦਾ ਪਹਿਲਾਂ ਤੋਂ ਹੀ 300 ਯੂਨਿਟ ਤੋਂ ਜਿਆਦਾ ਬਿੱਲ ਆਉਂਦਾ ਹੈ, ਉਨਾਂ ਨੂੰ ਇਸ ਦਾ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਹੈੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।