ਐਲਾਨ ਕੀਤੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਘੇਰਾਓ ਕੀਤਾ
ਜਲਾਲਾਬਾਦ (ਰਜਨੀਸ਼ ਰਵੀ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪੇਂਡੂ ਜਲ ਘਰਾਂ ਤੇ ਦਫਤਰਾਂ ਵਿਚ ਇਨਲਿਸਟਮੈਂਟ ਪਾਲਸੀ,ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਰਾਹੀ ਪਿਛਲੇ 12 ਸਾਲਾਂ ਦੇ ਵੱਧ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ ਸ਼ਾਮਿਲ ਕਰਕੇ ਰੈਗੂਲਰ ਕਰਨ, ਕਿਰਤ ਕਾਨੂੰਨ ਮੁਤਾਬਿਕ ਤਨਖਾਹਾਂ ਦੇਣ ਦੇ ਨਾਲ ਨਾਲ ਹਫਤਾਵਾਰੀ ਛੁੱਟੀ , ਈ.ਪੀ. ਐੱਫ.ਅਤੇ ਈ.ਐੱਸ. ਆਈ.ਲਾਗੂ ਕਰਨ ਦੀ ਮੰਗ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ.31) ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸੂਬੇ ਭਰ ਤੋ ਵਰਕਰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਬਸੰਤੀ ਰੰਗ ‘ਚ ਸੱਜ ਕੇ ਅੱਜ ਮਲੇਰਕੋਟਲਾ ਦੀ ਧਰਤੀ ‘ਤੇ ਪਹੁੰਚੇ ਅਤੇ ਜਲ ਸਪਲਾਈ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੀ ਰਿਹਾਇਸ਼ ਦਾ ਘੇਰਾਓ ਕੀਤਾ ਗਿਆ।
ਅੱਜ ਇੱਥੇ ਇਸ ਸਬੰਧੀ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਵੱਲੋਂ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਜੱਥੇਬੰਦੀ ਵੱਲੋਂ 16 ਜਨਵਰੀ 2020 ਨੂੰ ਉਕਤ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਇਕ ਦਿਨ ਪਹਿਲਾਂ ਹੀ ਮਲੇਰਕੋਟਲਾ ਦੀ ਧਰਤੀ ‘ਤੇ ਵਰਕਰਾਂ ਨੇ ਅਚਾਨਕ ਪਹੁੰਚ ਕੇ ਕੈਬਨਿਟ ਮੰਤਰੀ ਦੀ ਰਿਹਾਇਸ਼ ਨੂੰ ਘੇਰਾਓ ਕੀਤਾ। ਇਸ ਮੁਜਾਹਰੇ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਸਮੇਤ ਹੋਰਨਾਂ ਭਰਾਤਰੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰਕੇ ਸਮਰਥਨ ਕੀਤਾ ਗਿਆ।
ਜਲ ਸਪਲਾਈ ਵਿਭਾਗ ਵਿਚ ਸ਼ਾਮਿਲ ਰੈਗੂਲਰ ਕਰਨ ਮੰਗ ਕੀਤੀ
ਇਸ ਮੁਜ਼ਾਹਰੇ ਦੀ ਅਗੁਵਾਈ ਕਰ ਰਹੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਦੇ ਵੱਧ ਸਮੇਂ ਤੋਂ ਪੇਂਡੂ ਜਲ ਘਰਾਂ ‘ਤੇ ਇਨਲਿਸਟਮੈਂਟ ਪਾਲਸੀ,ਕੰਪਨੀਆਂ, ਸੁਸਾਇਟੀਆਂ ਅਤੇ ਠੇਕੇਦਾਰਾਂ ਰਾਹੀ ਆਪਣੀਆਂ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਜਲ ਸਪਲਾਈ ਵਿਭਾਗ ਵਿਚ ਸ਼ਾਮਿਲ ਰੈਗੂਲਰ ਕਰਨ ਮੰਗ ਕੀਤੀ ਜਾ ਰਹੀ ਹੈ ਲੇਕਿਨ ਸੂਬਾ ਸਰਕਾਰ ਅਤੇ ਮਹਿਕਮੇ ਦੀ ਮਨੈਜਮੇਂਟ ਟਾਲ ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ ਉਥੇ ਇਸਦੇ ਨਾਲ ਹੀ ਲੋਕਾਂ ਕੋਲੋ ਪੀਣ ਵਾਲੇ ਪਾਣੀ ਦੀ ਸਹੂਲਤ ਖੋਹਣ ਦੇ ਇਰਾਦੇ ਨਾਲ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਣ ਦੇ ਨਾਂਅ ‘ਤੇ ਨਿੱਜੀਕਰਨ ਕਰਨ ਵਾਲੀਆਂ ਲੋਕ ਮਾਰੂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਸੰਦੀਪ ਖਾਨ,ਰੁਪਿੰਦਰ ਸਿੰਘ ਫਿਰੋਜਪੁਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸਹਾਇਕ ਕੈਸ਼ੀਅਰ ਸੁਰਿੰਦਰ ਮਾਨਸਾ, ਦਫਤਰੀ ਸਟਾਫ ਓਕਾਰ ਸਿੰਘ, ਪ੍ਰਚਾਰ ਸਕੱਤਰ ਪ੍ਰਦੂਮਣ ਸਿੰਘ, ਸਲਾਹਕਾਰ ਤਰਜਿੰਦਰ ਸਿੰਘ ਮਾਨ, ਜਿਲਾ ਆਗੂ ਕੁਲਦੀਪ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਚੱਕ ਜਾਨੀਸਾਰ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।