ਵਰਕਰਾਂ ਦੇ ਤਜਰਬੇ ਨੂੰ ਖ਼ਤਮ ਕਰਕੇ ਰੋਜ਼ਗਾਰ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਕੇ ਕਰੋ ਜਾਂ ਮਰੋ ਦੀ ਜੰਗ ਕਰਨ ਲਈ ਮਜਬੂਰ ਨਾ ਕਰਨ ਅਧਿਕਾਰੀ: ਜਸਵੀਰ ਸਿੰਘ ਸ਼ੀਰਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26) ਪੰਜਾਬ (Sanitation Workers Union Punjab), ਜ਼ਿਲ੍ਹਾ ਪ੍ਰਧਾਨ ਪਟਿਆਲਾ ਛੋਟਾ ਸਿੰਘ ਨੰਦਪੁਰ ਕੇਸ਼ੋ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਨਾਲ ਮੀਟਿੰਗ ਕੀਤੀ ਗਈ ਆਗੂਆਂ ਨੇ ਦੱੱਸਿਆ ਕਿ ਜਥੇਬੰਦੀ ਦੀ ਕਿਸੇ ਵੀ ਮੰਗ ’ਤੇ ਸਹਿਮਤੀ ਨਾ ਬਣਨ ’ਤੇ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਨਾਲ ਮੀਟਿੰਗ ਬੇਸਿੱਟਾ ਰਹੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਨ, ਸੂਬਾ ਜੁਆਇੰਟ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਸ਼ਾਮਿਲ ਹੋਏ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆ ਨੇ ਦੱਸਿਆ ਕਿ ਵਰਕਰਾਂ ਦੀਆਂ ਮੁੱਖ ਮੰਗਾਂ ਨੂੰ ਲੈਕੇ ਅੱਜ ਦੀ ਮੀਟਿੰਗ ਵਿੱਚ ਅਜੰਡਾ ਪੇਸ਼ ਕੀਤਾ ਗਿਆ ਸੀ ਪਰ ਵਿਭਾਗ ਦੇ ਅਧਿਕਾਰੀਆਂ ਦਾ ਰਵੱਈਆ ਵਰਕਰਾਂ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਨਜ਼ਰ ਆਇਆ ਉਨ੍ਹਾਂ ਕਿਹਾ ਕਿ ਇਹ ਵਰਕਰ ਵਿਭਾਗ ਦੀ ਆਪ ਬਣਾਈ ਇੰਨਲਿਸਟਮੈਂਟ ਪਾਲਸੀ ’ਤੇ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਵਿਭਾਗ ਦੀਆਂ ਪੰਜ-ਪੰਜ ਪੋਸਟਾਂ ’ਤੇ ਸੇਵਾਵਾਂ ਨਿਭਾਅ ਰਹੇ ਹਨ,ਪਰ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਵਿਭਾਗ ਦੇ ਅਧਿਕਾਰੀ ਇਨ੍ਹਾਂ ਨੂੰ ਵਰਕਰ ਮੰਨਣ ਨੂੰ ਵੀ ਤਿਆਰ ਨਹੀਂ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਸੀ ਇੰਨਲਿਸਟਮੈਂਟ ਕਾਮਿਆਂ ਨੂੰ ਹੀ ਵਰਕਰ ਮੰਨਿਆ ਜਾਵੇ ਕਿਉਕਿ ਇਹ ਵਿਭਾਗ ਨੂੰ ਆਪਣਾ ਪੰਦਰ੍ਹਾਂ ਸਾਲਾਂ ਦਾ ਸਮਾਂ ਦੇ ਚੁੱਕੇ ਹਨ ਤੇ ਵਿਭਾਗ ਦੇ ਕੰਮਾਂ ਦਾ ਵੀ ਪੂਰਾ ਤਜਰਬਾ ਰਖਦੇ ਹਨ ਪਰ ਇਸ ਤੋਂ ਉਲਟ ਉਨ੍ਹਾਂ ਵੱਲੋਂ ਜਥੇਬੰਦੀ ਦੀ ਮੰਗ ਨੂੰ ਅਣਗੌਲਿਆਂ ਕਰਕੇ ਜ਼ਬਰੀ ਵਰਕਰਾਂ ਨੂੰ ਆਊਟਸੋਰਸਿੰਗ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਲਈ ਪੱਬਾਂ ਭਾਰ ਹੋਏ ਪਏ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਦੇ ਸੰਮਨ ਦੇਖ਼ ਬਿਮਾਰ ਹੋਏ ਓ.ਪੀ. ਸੋਨੀ, ਸਿਹਤ ਦਾ ਹਵਾਲਾ ਦਿੰਦੇ ਹੋਏ ਮੰਗੇ ਕੁਝ ਦਿਨ
ਕਰੋ ਜਾਂ ਮਰੋ ਵਾਲੀ ਜੰਗ ਮਜਬੂਰਨ ਸ਼ੁਰੂ ਕਰਨ ਦੀ ਚਿਤਾਵਨੀ
ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਵਰਕਰਾਂ ਦੇ ਪਿਛਲੇ ਪੰਦਰ੍ਹਾਂ ਸਾਲਾਂ ਦੇ ਕੰਮ ਤੇ ਤਜਰਬੇ ਨੂੰ ਮੁੱਖ ਰੱਖਦਿਆਂ ਵਿਭਾਗ ਦੇ ਵਰਕਰ ਮੰਨਣ, ਨਿਗੂਣੀਆਂ ਤਨਖਾਹਾਂ ’ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਕਾਮਿਆਂ ਦੇ ਭਵਿੱਖ ਨਾਲ ਜੇਕਰ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰੋ ਜਾਂ ਮਰੋ ਵਾਲੀ ਜੰਗ ਮਜਬੂਰਨ ਸ਼ੁਰੂ ਕਰਨੀ ਪਵੇਗੀ।
ਸੂਬਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਨ ਨੇ ਕਿਹਾ ਕਿ ਆਊਟਸੋਰਸਿੰਗ ਦੇ ਹੱਕ ਵਿੱਚ ਅਧਿਕਾਰੀਆਂ ਵੱਲੋਂ ਹੋਰਨਾਂ ਜਥੇਬੰਦੀਆਂ ਦਾ ਹਾਂ ਪੱਖੀ ਹੁੰਗਾਰਾ ਪੇਸ਼ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਵੱਡੀ ਸਾਜ਼ਿਸ਼ ਹੈ ਇਸ ਮੌਕੇ ਕਰਮਚਾਰੀ ਦਲ ਦੇ ਆਗੂ ਰਾਕੇਸ਼ ਬਾਤਿਸ਼, ਦਵਿੰਦਰ ਸਿੰਘ ਨਾਭਾ , ਅਮਰੀਕ ਨਾਭਾ, ਜਗਤਾਰ ਭੀਲੋਵਾਲ ਅਤੇ ਵਰਕਰਾਂ ਨੇ ਵੀ ਵਿਚਾਰ ਚਰਚਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ