Ayushman Scheme: ਸਟੇਟ ਹੈਲਥ ਏਜੰਸੀ ਪੰਜਾਬ ਦੇ ਡਿਪਟੀ ਮੁੱਖ ਕਾਰਜਕਾਰੀ ਅਫਸਰ ਡਾ. ਜਤਿੰਦਰ ਕਾਂਸਲ ਦੀ ਅਗਵਾਈ ਹੇਠ ਬਠਿੰਡਾ ਪਹੁੰਚੀ ਟੀਮ
Ayushman Scheme: ਬਠਿੰਡਾ (ਸੁਖਜੀਤ ਮਾਨ)। ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਮੇਂ ਸਿਰ ਤੇ ਗੁਣਵੱਤਾ ਭਰੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਾਂ ਨਹੀਂ, ਇਸਦੀ ਪੜਤਾਲ ਕਰਨ ਲਈ ਸਟੇਟ ਹੈਲਥ ਏਜੰਸੀ ਪੰਜਾਬ ਵੱਲੋਂ ਬਠਿੰਡਾ ਦੇ ਦੋ ਪ੍ਰਾਈਵੇਟ ਹਸਪਤਾਲਾਂ ਵਿੱਚ ਅਚਾਨਕ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਟੀਮ ਨੇ ਹਸਪਤਾਲਾਂ ਵੱਲੋਂ ਇਲਾਜ ਸਬੰਧੀ ਰਿਕਾਰਡਾਂ ਦੀ ਜਾਂਚ ਕੀਤੀ। ਲਾਭਪਾਤਰੀ ਮਰੀਜ਼ਾਂ ਦੇ ਡਾਟੇ ਦੀ ਪੁਸ਼ਟੀ ਕੀਤੀ ਗਈ ਤੇ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਉਹਨਾਂ ਨੂੰ ਯੋਜਨਾ ਅਧੀਨ ਬਿਨਾਂ ਕਿਸੇ ਰੁਕਾਵਟ ਦੇ ਲਾਭ ਮਿਲ ਰਹੇ ਹਨ।
ਇਹ ਜਾਂਚ ਟੀਮ ਸਟੇਟ ਹੈਲਥ ਏਜੰਸੀ ਪੰਜਾਬ ਦੇ ਡਿਪਟੀ ਮੁੱਖ ਕਾਰਜਕਾਰੀ ਅਫ਼ਸਰ ਡਾ. ਜਤਿੰਦਰ ਕਾਂਸਲ ਦੀ ਅਗਵਾਈ ’ਚ ਪੁੱਜੀ ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਚਨਬੱਧ ਹੈ ਕਿ ਯੋਜਨਾ ਦੇ ਹਰੇਕ ਹੱਕਦਾਰ ਮਰੀਜ਼ ਨੂੰ ਉਸਦਾ ਹੱਕ ਮਿਲੇ। Ayushman Scheme
Read Also : ਪ੍ਰਧਾਨ ਮੰਤਰੀ ਨੇ ਦੱਸੀ GST ਸੁਧਾਰਾਂ ਦੀ ਮਹੱਤਤਾ, ਤਿਉਹਾਰਾਂ ਦੇ ਇਸ ਮੌਸਮ ’ਚ ਸਭ ਦਾ ਮੂੰਹ ਹੋਵੇਗਾ ਮਿੱਠਾ
ਉਨ੍ਹਾਂ ਕਿਹਾ ਕਿ ਅਚਾਨਕ ਜਾਂਚ ਰਾਹੀਂ ਨਾ ਸਿਰਫ਼ ਗੁਣਵੱਤਾ ਨੂੰ ਕਾਇਮ ਰੱਖਿਆ ਜਾਵੇਗਾ, ਸਗੋਂ ਲੋਕਾਂ ਦਾ ਯੋਜਨਾ ’ਤੇ ਭਰੋਸਾ ਵੀ ਵਧੇਗਾ। ਟੀਮ ਵੱਲੋਂ ਹਸਪਤਾਲ ਨਿਰਦੇਸ਼ਕ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਕੋਈ ਵੀ ਲਾਭਪਾਤਰੀ ਆਪਣੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ। ਹਰ ਇੱਕ ਕੇਸ ਦੀ ਐਂਟਰੀ, ਇਲਾਜ ਅਤੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਹੋਵੇ। ਇਸਦੇ ਨਾਲ ਹੀ, ਜੇ ਕਿਸੇ ਹਸਪਤਾਲ ਵੱਲੋਂ ਲਾਪਰਵਾਹੀ ਕੀਤੀ ਗਈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਜਾਂਚ ਟੀਮ ਵਿੱਚ ਆਡਿਟ ਮੈਨੇਜਰ ਡਾ. ਅਨੂ ਸੋਢੀ, ਐੱਸਐੱਚਏ ਡਾ. ਸ਼ਿਲਪਾ, ਡਾ. ਵੰਦਨਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਸਿੰਗਲਾ, ਟੀਪੀਏ ਡਾ. ਹਰਪਾਲ ਤੇ ਅੰਗਰੇਜ਼ ਸਿੰਘ ਸ਼ਾਮਲ ਰਹੇ।
ਪੰਜਾਬ ਭਰ ’ਚ ਹੋਵੇਗੀ ਜਾਂਚ : ਡਾ. ਕਾਂਸਲ
ਇਸ ਮੌਕੇ ਡਾ. ਜਤਿੰਦਰ ਕਾਂਸਲ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਅਚਾਨਕ ਜਾਂਚਾਂ ਸਿਫ਼ਰ ਬਠਿੰਡਾ ਤੱਕ ਸੀਮਤ ਨਹੀਂ ਰਹਿਣਗੀਆਂ, ਸਗੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ’ਚ ਵੀ ਨਿਯਮਿਤ ਤੌਰ ’ਤੇ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਸੂਬੇ ਭਰ ’ਚ ਹਰੇਕ ਯੋਗ ਮਰੀਜ਼ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਬਿਨਾਂ ਕਿਸੇ ਰੁਕਾਵਟ ਦੇ ਮਿਲੇ।