India Canada Relations: ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦਾ ਮਾਹੌਲ ਹੁਣ ਫਿਰ ਤੋਂ ਸਕਾਰਾਤਮਕ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤਣਾਅ ਅਤੇ ਅਵਿਸ਼ਵਾਸ ਨੇ ਕੁਝ ਸਮਾਂ ਪਹਿਲਾਂ ਤੱਕ ਦੋਵਾਂ ਦੇਸ਼ਾਂ ਵਿੱਚ ਦੂਰੀ ਵਧਾ ਦਿੱਤੀ ਸੀ, ਉਹ ਹੌਲੀ-ਹੌਲੀ ਖਤਮ ਹੋ ਰਿਹਾ ਹੈ ਵਿਸ਼ਵ ਰਾਜਨੀਤੀ, ਵਪਾਰਕ ਜ਼ਰੂਰਤਾਂ ਤੇ ਤਕਨੀਕੀ ਸਹਿਯੋਗ ਦੀ ਦਿਸ਼ਾ ਵਿੱਚ ਵਧਦੀ ਸਮਝ ਨੇ ਦੋਵਾਂ ਦੇਸ਼ਾਂ ਨੂੰ ਫਿਰ ਤੋਂ ਸਾਂਝੇਦਾਰੀ ਵੱਲ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਬਦਲਾਅ ਦਿਸਣੇ ਸ਼ੁਰੂ ਹੋਏ ਸਨ।
ਇਹ ਖਬਰ ਵੀ ਪੜ੍ਹੋ : Punjab Bus Strike: ਪੰਜਾਬ ਭਰ ’ਚ ਬੱਸਾਂ ਦੀ ਹੜਤਾਲ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ
ਉਹ ਹੁਣ ਠੋਸ ਰੂਪ ਵਿੱਚ ਵਿਖਾਈ ਦੇਣ ਲੱਗੇ ਹਨ ਇਸ ਦਾ ਸੰਕੇਤ ਹਾਲ ਹੀ ਵਿੱਚ ਹੋਏ ਉੱਚ ਪੱਧਰੀ ਮੌਖਿਕ ਸੰਪਰਕਾਂ, ਦੁਵੱਲੀਆਂ ਮੀਟਿੰਗਾਂ ਅਤੇ ਆਰਥਿਕ ਸਹਿਯੋਗ ਦੇ ਐਲਾਨਾਂ ਵਿੱਚ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੱਲੋਂ 2030 ਤੱਕ ਦੋਵਾਂ ਦੇਸਾਂ ਵਿੱਚ ਵਪਾਰ ਨੂੰ 50 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਅਤੇ ਕੈਨੇਡਾ ਵੱਲੋਂ ਨਵੀਂ ਨਾਗਰਿਕਤਾ ਨੀਤੀ ਲਾਗੂ ਕਰਨ ਦਾ ਐਲਾਨ ਇਸ ਸਕਾਰਾਤਮਕ ਬਦਲਾਅ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਭਾਰਤ ਅਤੇ ਕੈਨੇਡਾ ਦੇ ਸਬੰਧ ਇਤਿਹਾਸਕ ਤੌਰ ’ਤੇ ਮਜ਼ਬੂਤ ਰਹੇ ਹਨ। ਸੱਭਿਆਚਾਰਕ ਸਹਿਯੋਗ, ਸਿੱਖਿਆ ਅਤੇ ਲੋਕ-ਆਧਾਰ ਦੇ ਪੱਧਰ ’ਤੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸਬੰਧ ਰਹੇ ਹਨ, ਪਰ ਬੀਤੇ ਕੁਝ ਸਾਲਾਂ ਵਿੱਚ ਇਹ ਰਿਸ਼ਤੇ ਕੁਝ ਸ਼ਰਾਰਤੀ ਅਨਸਰਾਂ, ਰਾਜਨੀਤਿਕ ਤਣਾਅ ਤੇ ਬਿਆਨਾਂ ਕਾਰਨ ਠੰਢੇ ਪੈ ਗਏ ਸਨ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਦੇ ਦਬਾਅ ਵਿੱਚ ਦਿੱਤੇ ਕੁਝ ਬਿਆਨਾਂ ਨੇ ਸਬੰਧਾਂ ਵਿੱਚ ਤਰੇੜ ਪੈਦਾ ਕੀਤੀ ਸੀ। ਉਨ੍ਹਾਂ ਦੀ ਸਰਕਾਰ ਨੇ ਭਾਰਤ ਵਰਗੇ ਮਹੱਤਵਪੂਰਨ ਭਾਈਵਾਲ ਪ੍ਰਤੀ ਬਲੋੜਾ ਸਖ਼ਤ ਰੁਖ਼ ਅਪਣਾਇਆ ਤੇ ਇਸ ਦਾ ਅਸਰ ਦੋਵਾਂ ਦੇਸ਼ਾਂ ਦੀ ਕੂਟਨੀਤੀ ’ਤੇ ਪਿਆ। India Canada Relations
ਪਰ ਉਹ ਖ਼ੁਦ ਵੀ ਇਸ ਦਾ ਰਾਜਨੀਤਿਕ ਨੁਕਸਾਨ ਭੁਗਤ ਚੁੱਕੇ ਹਨ। ਹੁਣ ਕੈਨੇਡਾ ਵਿੱਚ ਬਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਦਲਿਆ ਹੋਇਆ ਰੁਖ਼ ਦਿਖਾਉਂਦਿਆਂ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲਕਦਮੀ ਕੀਤੀ ਹੈ। ਨਵੀਂ ਸਰਕਾਰ ਦੇ ਰਵੱਈਏ ਤੋਂ ਸਪੱਸ਼ਟ ਹੈ ਕਿ ਕੈਨੇਡਾ ਹੁਣ ਭਾਰਤ ਨਾਲ ਸਬੰਧਾਂ ਨੂੰ ਸਤਿਕਾਰ ਤੇ ਬਰਾਬਰੀ ਵਾਲੇ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ। ਜੀ-20 ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦੀ ਮੁਲਾਕਾਤ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੋੜ ਸਾਬਤ ਹੋਈ। ਇਹ ਮੁਲਾਕਾਤ ਭਾਵੇਂ ਰਸਮੀ ਸੈਸ਼ਨਾਂ ਤੋਂ ਵੱਖਰੀ ਹੋਈ, ਪਰ ਇਸ ਦਾ ਸੰਦੇਸ਼ ਬਹੁਤ ਡੂੰਘਾ ਸੀ।
ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨੀਕੀ ਨਵੀਨਤਾ, ਖੋਜ, ਸਿੱਖਿਆ ਤੇ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਕੈਨੇਡਾ ਤਕਨੀਕੀ ਖੋਜ, ਖਣਿੱਜ ਵਸੀਲਿਆਂ ਅਤੇ ਸਿੱਖਿਆ ਖੇਤਰ ਵਿੱਚ ਵਿਸ਼ਵ ਪਛਾਣ ਰੱਖਦਾ ਹੈ, ਜਦੋਂਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਨੌਜਵਾਨ ਸ਼ਕਤੀ ਅਤੇ ਟੈਕਨਾਲੋਜੀ ਪ੍ਰਤਿਭਾ ਦਾ ਕੇਂਦਰ ਹੈ। ਦੋਵਾਂ ਦੇਸ਼ਾਂ ਕੋਲ ਸਪੇਸ, ਡਿਫੈਂਸ, ਕ੍ਰਿਟੀਕਲ ਮਿਨਰਲਜ਼, ਖੇਤੀ ਖੋਜ, ਊਰਜਾ ਅਤੇ ਸਟਾਰਟਅੱਪ ਖੇਤਰਾਂ ਵਿੱਚ ਬੇਅੰਤ ਸੰਭਾਵਨਾਵਾਂ ਮੌਜੂਦ ਹਨ। ਇਸ ਕਾਰਨ ਦੋਵਾਂ ਦੇਸ਼ਾਂ ਦੀ ਭਾਈਵਾਲੀ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਫੈਸਲਾਕੁਨ ਹੋ ਸਕਦੀ ਹੈ। India Canada Relations
ਪੀਯੂਸ਼ ਗੋਇਲ ਦਾ 50 ਅਰਬ ਡਾਲਰ ਵਪਾਰ ਟੀਚਾ ਆਰਥਿਕ ਸਾਂਝੇਦਾਰੀ ਦੀ ਨਵੀਂ ਸੋਚ ਦਾ ਪ੍ਰਤੀਕ ਹੈ। ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ ਹੈ, ਜਦੋਂਕਿ ਕੈਨੇਡਾ ਊਰਜਾ, ਖਣਿੱਜ, ਖੇਤੀ ਅਤੇ ਤਕਨੀਕ ਖੇਤਰ ਵਿੱਚ ਵੱਡੀ ਤਾਕਤ ਹੈ। ਦੋਵਾਂ ਦੇਸ਼ਾਂ ਦੀਆਂ ਜ਼ਰੂਰਤਾਂ ਇੱਕ-ਦੂਜੇ ਨੂੰ ਪੂਰਾ ਕਰ ਸਕਦੀਆਂ ਹਨ। ਇਸੇ ਦੁਵੱਲੀ ਸਮਝ ਨੇ ਦੋਵਾਂ ਨੂੰ ਫਿਰ ਤੋਂ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਜ਼ਰੂਰੀ ਹੈ ਕਿ ਦੋਵੇਂ ਦੇਸ਼ ਗੱਲਬਾਤ ਜਾਰੀ ਰੱਖਣ, ਰਾਜਨੀਤਿਕ ਵਿਵਾਦਾਂ ਨੂੰ ਪਿੱਛੇ ਛੱਡ ਕੇ ਠੋਸ ਸਮਝੌਤੇ ਕਰਨ। ਅੱਜ ਦੁਨੀਆਂ ਬਹੁ-ਧਰੁਵੀ ਹੁੰਦੀ ਜਾ ਰਹੀ ਹੈ। ਸ਼ਕਤੀਆਂ ਦਾ ਸੰਤੁਲਨ ਹੁਣ ਸਿਰਫ਼ ਅਮਰੀਕਾ ਜਾਂ ਯੂਰਪ ਤੱਕ ਸੀਮਤ ਨਹੀਂ ਰਿਹਾ।
ਚੀਨ, ਰੂਸ, ਪੱਛਮੀ ਏਸ਼ੀਆ ਤੇ ਭਾਰਤ ਵਰਗੇ ਦੇਸ਼ ਵਿਸ਼ਵ ਪਰਿਦ੍ਰਿਸ਼ ਨੂੰ ਪ੍ਰਭਾਵਿਤ ਕਰ ਰਹੇ ਹਨ। ਅਜਿਹੇ ਵਿੱਚ ਮੱਧਮ ਸ਼ਕਤੀ ਵਾਲੇ ਦੇਸ਼ਾਂ ਨੂੰ ਨਵੇਂ ਭਾਈਵਾਲਾਂ ਦੀ ਲੋੜ ਹੈ, ਜਿਸ ਨਾਲ ਉਹ ਆਪਣੇ ਆਰਥਿਕ ਤੇ ਰਣਨੀਤਕ ਹਿੱਤਾਂ ਨੂੰ ਮਜ਼ਬੂਤ ਕਰ ਸਕਣ। ਭਾਰਤ ਤੇ ਕੈਨੇਡਾ ਦੋਵੇਂ ਅਜਿਹੇ ਦੇਸ਼ ਹਨ ਜਿਨ੍ਹਾਂ ਕੋਲ ਵਸੀਲੇ, ਸਮਰੱਥਾ, ਸਿੱਖਿਆ, ਤਕਨੀਕ ਤੇ ਲੋਕਤੰਤਰਿਕ ਮੁੱਲਾਂ ਦਾ ਸਾਂਝਾ ਆਧਾਰ ਹੈ। ਜੇਕਰ ਇਹ ਦੋਵੇਂ ਦੇਸ਼ ਇਕੱਠੇ ਚੱਲਦੇ ਰਹਿਣ ਤਾਂ ਅੰਤਰਰਾਸ਼ਟਰੀ ਪੱਧਰ ’ਤੇ ਸੰਤੁਲਨ, ਨਵੀਨਤਾ, ਹਰਿਤ ਊਰਜਾ ਤੇ ਜਲਵਾਯੂ ਨਿਆਂ ਦੀ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ। India Canada Relations
ਕੈਨੇਡਾ ਵਿੱਚ ਭਾਰਤੀ ਮੂਲ ਦੀ ਵੱਡੀ ਆਬਾਦੀ ਵੀ ਇਸ ਸਬੰਧ ਨੂੰ ਮਜ਼ਬੂਤ ਬਣਾਉਣ ਵਿੱਚ ਪੁਲ ਦੀ ਭੂਮਿਕਾ ਨਿਭਾਉਂਦੀ ਹੈ। ਪ੍ਰਵਾਸੀ ਭਾਰਤੀ ਭਾਈਚਾਰੇ ਨੇ ਦੋਵਾਂ ਦੇਸ਼ਾਂ ਵਿਚਕਾਰ ਭਰੋਸਾ ਕਾਇਮ ਰੱਖਣ ਵਿੱਚ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਵੇਂ ਸਿੱਖਿਆ ਹੋਵੇ, ਵਪਾਰ, ਆਈਟੀ ਜਾਂ ਸਿਹਤ ਸੇਵਾ-ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਹੀ ਭਾਈਚਾਰਾ ਦੋਵਾਂ ਸਰਕਾਰਾਂ ਵਿਚਕਾਰ ਸਬੰਧਾਂ ਨੂੰ ਸਥਿਰ ਤੇ ਸਾਰਥਿਕ ਬਣਾਉਂਦਾ ਹੈ। ਨਵੀਆਂ ਸਰਕਾਰਾਂ ਵੱਲੋਂ ਇਸ ਭਾਈਚਾਰੇ ਦੇ ਯੋਗਦਾਨ ਦਾ ਸਤਿਕਾਰ ਕਰਨਾ ਤੇ ਸਹਿਯੋਗ ਦੀਆਂ ਨੀਤੀਆਂ ਨੂੰ ਉਤਸ਼ਾਹ ਦੇਣਾ ਸਬੰਧਾਂ ਵਿੱਚ ਹੋਰ ਮਜ਼ਬੂਤੀ ਲਿਆਵੇਗਾ।
ਵਿਸ਼ਵ ਮੰਚ ਤੇ ਭਾਰਤ ਦੀ ਭੂਮਿਕਾ ਪਿਛਲੇ ਕੁਝ ਸਾਲਾਂ ਵਿੱਚ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ, ਸਰਗਰਮ ਕੂਟਨੀਤੀ ਤੇ ਸੰਤੁਲਿਤ ਨਜ਼ਰੀਏ ਨੇ ਭਾਰਤ ਨੂੰ ਇੱਕ ਫੈਸਲਾਕੁਨ ਸ਼ਕਤੀ ਵਜੋਂ ਸਥਾਪਿਤ ਕੀਤਾ ਹੈ। ਦੂਜੇ ਪਾਸੇ, ਕੈਨੇਡਾ ਵੀ ਬਹੁ-ਸੱਭਿਆਚਾਰਕ ਲੋਕਤੰਤਰ ਵਜੋਂ ਆਪਣੀ ਵਿਸ਼ਵ-ਵਿਆਪੀ ਭੂਮਿਕਾ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਲਈ ਦੋਵਾਂ ਦੇਸ਼ਾਂ ਦੀ ਸੋਚ ਅਤੇ ਟੀਚੇ ਹੁਣ ਇੱਕ-ਦੂਜੇ ਨਾਲ ਮੇਲ ਖਾਂਦੇ ਹਨ। ਇਹੀ ਸਮਾਨਤਾ ਉਨ੍ਹਾਂ ਨੂੰ ਸਹਿਯੋਗ ਦੇ ਨਵੇਂ ਮੌਕੇ ਦੇ ਰਹੀ ਹੈ। ਅੰਤ ਵਿੱਚ ਇਹ ਸਪੱਸ਼ਟ ਹੈ ਕਿ ਜੇ ਭਾਰਤ ਅਤੇ ਕੈਨੇਡਾ ਇਸੇ ਤਰ੍ਹਾਂ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਦੇ ਰਹੇ ਤਾਂ ਇਹ ਰਿਸ਼ਤਾ ਸਿਰਫ਼ ਵਪਾਰ ਜਾਂ ਰਾਜਨੀਤੀ ਲਈ ਨਹੀਂ, ਸਗੋਂ ਵਿਸ਼ਵ ਸ਼ਾਂਤੀ, ਨਵੀਂ ਤਕਨੀਕ, ਹਰਿਤ ਵਿਕਾਸ ਅਤੇ ਮਨੁੱਖੀ ਸਹਿਯੋਗ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ














