
ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਸਪਤਾਹਿਕ ਐਕਸਪ੍ਰੈਸ ਟ੍ਰੇਨ ਦੇ ਪਹਿਲੀਂ ਵਾਰ ਪੁੱਜਣ ਤੇ ਰੇਲਵੇ ਸੰਘਰਸ਼ ਅਤੇ ਸ਼ਹਿਰ ਨਿਵਾਸੀਆਂ ਨੇ ਕੀਤਾ ਭਰਵਾਂ ਸਵਾਗਤ
Punjab Railway News: (ਗੁਰਪ੍ਰੀਤ ਪੱਕਾ/ਅਜੇ ਮਨਚੰਦਾ) ਫ਼ਰੀਦਕੋਟ । ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਦੇ ਰੇਲਵੇ ਸਟੇਸ਼ਨ ’ਤੇ ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਸਪਤਾਹਿਕ ਐਕਸਪ੍ਰੈਸ ਟ੍ਰੇਨ ਦੇ ਪਹਿਲੀ ਵਾਰ ਪੁੱਜਣ ’ਤੇ ਰੇਲਵੇ ਸੰਘਰਸ਼ ਸੰਮਤੀ ਦੀ ਅਗਵਾਈ ਵਿੱਚ ਸ਼ਹਿਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਟ੍ਰੇਨ ਦੇ ਡਰਾਈਵਰਾਂ ਅਤੇ ਗਾਰਡ ਤੋਂ ਇਲਾਵਾ ਸਟੇਸ਼ਨ ਮਾਸਟਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦੇ ਅਨੁਸਾਰ ਰੇਲਵੇ ਸੰਘਰਸ਼ ਸੰਮਤੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੀ ਇਸ ਇਲਾਕੇ ਤੋਂ ਨਵੀਆਂ ਟ੍ਰੇਨਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਮੰਗ ਨੂੰ ਪੂਰਾ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਅਤੇ ਹਰਿਦੁਆਰ ਲਈ 2 ਟ੍ਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਸ੍ਰੀ ਨਾਂਦੇੜ ਸਾਹਿਬ ਜਾਣ ਲਈ ਅੱਜ ਪਹਿਲੇ ਦਿਨ ਟ੍ਰੇਨ ਦੇ ਕੋਟਕਪੂਰਾ ਰੇਲਵੇ ਸਟੇਸ਼ਨ ਪੁੱਜਣ ’ਤੇ ਉਸਦਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦੋਧੀ ਯੂਨੀਅਨ ਵੱਲੋਂ ਯਾਤਰੀਆਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ।

ਇਹ ਵੀ ਪੜ੍ਹੋ: Axis Bank Robbery Case: ਪੁਲਿਸ ਵੱਲੋਂ ਐਕਸਿਸ ਬੈਂਕ ’ਚੋਂ 9 ਲੱਖ ਦੀ ਚੋਰੀ ਕਰਨ ਵਾਲੇ 3 ਵਿਅਕਤੀ ਕਾਬੂ
ਇਸ ਮੌਕੇ ਗੱਲਬਾਤ ਕਰਦੇ ਹੋਏ ਰੇਲਵੇ ਸੰਘਰਸ਼ ਸਮਤੀ ਦੇ ਪ੍ਰਧਾਨ ਨਰਿੰਦਰ ਰਾਠੌਰ ਸਮੇਤ ਹੋਰ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਉਨਾਂ ਦੀ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਹੀ ਨਵੀਆਂ ਟ੍ਰੇਨਾਂ ਲਈ ਸੰਘਰਸ਼ ਕਰ ਰਹੀ ਹੈ ਅਤੇ ਰੇਲਵੇ ਵਿਭਾਗ ਨੇ ਹੁਣ ਦੋ ਨਵੀਆਂ ਟ੍ਰੇਨਾਂ ਚਲਾਉਂਦੇ ਹੋਏ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਨੂੰ ਜਾਣ ਲਈ ਸਪਤਾਹਿਕ ਟਰੇਨ ਅੱਜ ਪਹਿਲੇ ਦਿਨ ਕੋਟਕਪੂਰਾ ਵਿਖੇ ਪੁੱਜੀ ਸੀ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਟ੍ਰੇਨ ਨੂੰ ਰੋਜ਼ਾਨਾ ਕੀਤਾ ਜਾਵੇ। Punjab Railway News