ਐਸ.ਪੀ ਨਵਰੀਤ ਸਿੰਘ ਵਿਰਕ ਦੀ ਮੌਜੂਦਗੀ ਵਿੱਚ ਪੁਲਿਸ ਨੇ ਘਰ ਦੇ ਗੇਟ ਅੱਗੇ ਚਿਪਕਾਇਆ ਫਰੀਜਿੰਗ ਆਰਡਰ | War On Drugs
War On Drugs: (ਨੈਨਸੀ) ਲਹਿਰਾਗਾਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਲਗਾਤਾਰ ਸਰਗਰਮ ਹੈ। ਸੰਗਰੂਰ ਪੁਲਿਸ ਵੱਲੋਂ ਜਿੱਥੇ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈ ਗਈ ਪ੍ਰੋਪਰਟੀ ਨੂੰ ਫਰੀਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਅੱਜ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਐਸ.ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਅਤੇ ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸ.ਐਚ.ਓ ਰਣਬੀਰ ਸਿੰਘ ਦੀ ਮੌਜੂਦਗੀ ਵਿੱਚ ਲਹਿਰਾ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਪਿੰਡ ਰਾਏਧਰਾਣਾ ਦੇ ਇੱਕ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਦੇ ਘਰ ਦੇ ਗੇਟ ਅੱਗੇ ਪ੍ਰੋਪਰਟੀ ਨੂੰ ਫਰੀਜ ਕਰਨ ਦਾ ਆਰਡਰ ਚਿਪਕਾਇਆ ਗਿਆ।
ਇਹ ਵੀ ਪੜ੍ਹੋ: Punjab CM: ਕਿਸਾਨ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਦਾ ਆਇਆ ਬਿਆਨ, ਜਾਣੋ ਕੀ ਕਿਹਾ
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦਾ ਮੌਜੂਦਾ ਸਰਪੰਚ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਐਨ.ਡੀ.ਪੀ.ਐਸ ਐਕਟ ਦੇ ਮਾਮਲਿਆਂ ਤਹਿਤ ਜੇਲ੍ਹ ਵਿੱਚ ਬੰਦ ਹੈ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਪ੍ਰਾਪਤ ਆਰਡਰਾਂ ਦੀ ਕਾਪੀ ਗੇਟ ਨੇੜੇ ਚਿਪਕਾਉਂਦੇ ਹੋਏ ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਉਸ ਦੀ 27 ਕਨਾਲ ਪ੍ਰੋਪਰਟੀ, ਉਸਦੇ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤੇ ਤੇ ਟਰੈਕਟਰ ਫਰੀਜ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਆਰਡਰ ਡਾਕ ਰਾਹੀਂ ਵੀ ਇਨ੍ਹਾਂ ਨੂੰ ਡਿਲੀਵਰ ਹੋ ਚੁੱਕੇ ਹਨ। War On Drugs
ਫਰਵਰੀ 2025 ਦੌਰਾਨ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ 27 ਕੇਸ ਕੀਤੇ ਦਰਜ
ਐਸ.ਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਸਾਲ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਫਰੀਜ ਕਰਨ ਦੀ ਸਿਫਾਰਿਸ਼ ਸਮੇਤ 12 ਕੇਸ ਭੇਜੇ ਗਏ ਸਨ ਜਿਸ ਵਿੱਚੋਂ 9 ਦੀ ਪ੍ਰੋਪਰਟੀ ਫਰੀਜ ਕਰਨ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਸੰਗਰੂਰ ਪੁਲਿਸ ਵੱਲੋਂ ਫਰਵਰੀ 2025 ਵਿੱਚ ਹੀ 27 ਕੇਸ ਦਰਜ ਕੀਤੇ ਗਏ ਹਨ ਜਿਨਾਂ ਵਿੱਚੋਂ 16 ਕੇਸ ਅਜਿਹੇ ਹਨ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 23 ਫਰਵਰੀ ਤੋਂ ਲੈ ਕੇ ਹੁਣ ਤੱਕ ਦਰਜ ਹੋਏ ਹਨ। ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।