ਵੀ.ਪੀ. ਸਿੰਘ ਬਦਨੌਰ ਬਣੇ ਪੰਜਾਬ ਦੇ ਨਵੇਂ ਰਾਜਪਾਲ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਵੀ.ਪੀ. ਸਿੰਘ ਬਦਨੌਰ ਨੇ ਅੱਜ  ਪੰਜਾਬ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ, ਇਸ ਨਾਲ ਹੀ ਉਹ ਚੰਡੀਗੜ ਪ੍ਰਸ਼ਾਸਨ ਦੇ ਵੀ ਪ੍ਰਸ਼ਾਸਕ ਹੋਣਗੇ। ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਐਸ.ਜੇ. ਵਜੀਫ਼ਦਾਰ ਨੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਈ।

ਇਹ ਵੀ ਪੜ੍ਹੋ : ਜਲਾਲਦੀਵਾਲ ਬੋਲਦਾ ਹੈ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਣੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਕੇ ‘ਤੇ ਮੌਜੂਦ ਸਨ। ਪੰਜਾਬ ਦੇ ਨਵੇਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਰਾਜਸਥਾਨ ਦੇ ਭੀਲਵਾੜਾ ਦੇ ਰਹਿਣ ਵਾਲੇ ਹਨ ਅਤੇ ਪਿਛਲੀ ਵਾਰ ਰਾਜ ਸਭਾ ਸੀਟ ਤੋਂ ਟਿਕਟ ਕੱਟਣ ਤੋਂ ਬਾਅਦ ਉਹ ਭਾਜਪਾ ਤੋ ਨਰਾਜ਼ ਚਲ ਰਹੇ ਸਨ । ਪਰ ਹੁਣ ਉਨਾਂ ਨੂੰ ਪਾਰਟੀ ਨੇ ਰਾਜਪਾਲ ਲਗਾ ਕੇ ਖ਼ੁਦ ਕਰ ਦਿੱਤਾ ਦਿੱਤਾ ਹੈ। ਉਹ ਰਾਜਸਥਾਨ ਦੇ ਵੱਡੇ ਰਾਜਪੂਤ ਲੀਡਰਾਂ ਵਿੱਚੋਂ ਇੱਕ ਹਨ ਅਤੇ ਲੰਬੇ ਸਮੇਂ ਤੋਂ ਰਾਜਸਥਾਨ ਵਿਖੇ ਭਾਜਪਾ ਵਲੋਂ ਰਾਜਨੀਤੀ ਵਿੱਚ ਅਹਿਮ ਯੋਗਦਾਨ ਦਿੰਦੇ ਰਹੇ ਹਨ।

ਉਹ 1998-99 ਦਰਮਿਆਨ ਰਾਜਸਥਾਨ ਵਿਖੇ ਭਾਜਪਾ ਦੀ ਸਰਕਾਰ ਦਰਮਿਆਨ ਸਿੰਚਾਈ ਮੰਤਰੀ ਵੀ ਰਹਿ ਚੁੱਕੇ ਹਨ। ਜਿਥੇ ਤੱਕ ਪੰਜਾਬ ਦੇ ਰਾਜਪਾਲ ਦੀ ਗਲ ਹੈ ਤਾਂ ਪਿਛਲੀ 21 ਜਨਵਰੀ 2015 ਤੋਂ ਇਹ ਅਹੁਦਾ ਖ਼ਾਲੀ ਚੱਲ ਰਿਹਾ ਸੀ ਅਤੇ ਪੰਜਾਬ ਵਿੱਚ ਕੰਮ ਚਲਾਉਣ ਲਈ ਕੇਂਦਰ ਸਰਕਾਰ ਨੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਪੰਜਾਬ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ। 21 ਜਨਵਰੀ 2015 ਨੂੰ ਸ਼ਿਵ ਰਾਜ ਪਾਟਿਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੁਣ ਪੰਜਾਬ ਨੂੰ ਪੱਕੇ ਤੌਰ ‘ਤੇ ਰਾਜਪਾਲ ਮਿਲਿਆ ਹੈ। ਇਸ ਨਾਲ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਤੇਜੀ ਆਉਣ ਦੀ ਉਮੀਦ ਹੈ।