ਵਿਦੇਸ਼ ਮੰਤਰਾਲੇ ਨੇ ਇਜਾਜ਼ਤ ਦੇਣ ਸਬੰਧੀ ਕੀਤਾ ਸਪੱਸ਼ਟ
- ਵਿਦੇਸ਼ ਦੌਰੇ ਦੀ ਇਜ਼ਾਜਤ ਕਰਦੀ ਐ ‘ਵਿਦੇਸ਼ ਨੀਤੀ ਅਤੇ ਵਿਦੇਸ਼ੀ ਮਾਹੌਲ ਤੇ ਸੁਰੱਖਿਆ’ ’ਤੇ ਨਿਰਭਰ : ਵਿਦੇਸ਼ ਮੰਤਰਾਲਾ
- ਕਿਹਾ, ਮਾਮਲਾ ਕਾਫ਼ੀ ਜ਼ਿਆਦਾ ਸੰਵੇਦਨਸ਼ੀਲ ਨਹੀਂ ਦੱਸ ਸਕਦੇ 350 ਵੀਆਈਪੀਜ਼ ਦੇ ਨਾਂਅ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਈ ਕੈਬਨਿਟ ਮੰਤਰੀਆਂ ਨੂੰ ਵਾਰ-ਵਾਰ ਵਿਦੇਸ਼ ਦੌਰੇ ’ਤੇ ਜਾਣ ਦੀ ਇਜ਼ਾਜਤ ਨਾ ਮਿਲਣ ਤੋਂ ਬਾਅਦ ਗਰਮ ਹੋਏ ਮਾਹੌਲ ਵਿੱਚ ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ 350 ਤੋਂ ਜ਼ਿਆਦਾ ਮੁੱਖ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਸਣੇ ਸੰਸਦ ਮੈਂਬਰ ਤੇ ਵਿਧਾਇਕਾਂ ਨੂੰ ਪਿਛਲੇ 4 ਸਾਲਾਂ ਦੌਰਾਨ ਵਿਦੇਸ਼ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। ਵਿਦੇਸ਼ ਦੌਰੇ ’ਤੇ ਜਾਣ ਦੀ ਇਜ਼ਾਜਤ ਦੇਣ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਕਈ ਮਾਪਢੰਡ ਵੇਖਦਾ ਹੈ ਜੇਕਰ ਵਿਦੇਸ਼ ਜਾਣ ਵਾਲੇ ਵਿਅਕਤੀ ਅਤੇ ਵਿਦੇਸ਼ੀ ਮਾਹੌਲ ਸਣੇ ਸੁਰੱਖਿਆ ਇੰਤਜਾਮ ਠੀਕ ਹੋਣ ਤਾਂ ਹੀ ਉਸ ਵੀਆਈਪੀ ਨੂੰ ਵਿਦੇਸ਼ ਜਾਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਕਈ ਵਾਰ ਇਜ਼ਾਜਤ ਨਾ ਮਿਲਣ ਪਿੱਛੇ ਕੀ ਕਾਰਨ ਹਨ? ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।ਮੰਤਰਾਲੇ ਦਾ ਸਾਫ਼ ਕਹਿਣਾ ਹੈ ਕਿ ਕਿਸੇ ਵੀ ਵੱਡੀ ਹਸਤੀ ਦੀ ਜਾਣਕਾਰੀ ਨੂੰ ਸਾਝਾਂ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਨਾਲ ਉਹਨਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਮੰਤਰਾਲੇ ਨੇ ਉਨਾਂ 350 ਅਹਿਮ ਹਸਤੀਆਂ ਦੇ ਨਾਵਾਂ ਦੀ ਸੂਚੀ ਵੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਨੂੰ 1 ਜਨਵਰੀ 2022 ਤੋਂ ਲੈ ਕੇ ਹੁਣ ਤੱਕ ਵਿਦੇਸ਼ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। Punjab News
ਜਾਣਕਾਰੀ ਅਨੁਸਾਰ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਸਣੇ ਸੰਸਦ ਮੈਂਬਰ ਤੇ ਅਧਿਕਾਰੀ, ਜੇਕਰ ਅਧਿਕਾਰਤ ਦੌਰੇ ’ਤੇ ਵਿਦੇਸ਼ ਜਾਂਦੇ ਹਨ ਤਾਂ ਉਹਨਾਂ ਨੂੰ ਵਿਦੇਸ਼ ਮੰਤਰਾਲੇ ਤੋਂ ਇਜ਼ਾਜਤ ਲੈਣੀ ਜ਼ਰੂਰੀ ਹੁੰਦੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੈਬਨਿਟ ਮੰਤਰੀਆਂ ਦੇ ਕਈ ਵਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲਗਾਤਾਰ ਦੂਜੀ ਵਾਰ ਵਿਦੇਸ਼ ਦੌਰਾ ਰੱਦ ਹੋਣ ਤੋਂ ਬਾਅਦ ਵਿਦੇਸ਼ ਮੰਤਰਾਲੇ ਤੋਂ ਆਰਟੀਆਈ ਰਾਹੀਂ ਇਹ ਸੂਚਨਾ ਮੰਗੀ ਗਈ ਸੀ ਕਿ ਆਖ਼ਰਕਾਰ ਇਨਾਂ ਨੂੰ ਵਿਦੇਸ਼ ਜਾਣ ਦੀ ਇਜ਼ਾਜਤ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਇਨਕਾਰ ਕਰਨ ਦੇ ਕੀ ਕਾਰਨ ਹਨ ? ਇਸਦੇ ਨਾਲ ਹੀ 1 ਜਨਵਰੀ 2022 ਤੋਂ ਲੈ ਕੇ ਹੁਣ ਤੱਕ ਦੀ ਸਾਰੀ ਜਾਣਕਾਰੀ ਮੰਗੀ ਗਈ ਸੀ, ਜਿਸ ਤੋਂ ਬਾਅਦ ਆਰਟੀਆਈ ਰਾਹੀਂ ਵਿਦੇਸ਼ ਮੰਤਰਾਲੇ ਵੱਲੋਂ ਕੁਝ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਅਤੇ ਕੁਝ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ 1 ਜਨਵਰੀ 2022 ਤੋਂ ਲੈ ਕੇ ਹੁਣ ਤੱਕ ਕੁਲ 350 ਨਾਮੀ ਹਸਤੀਆਂ ਨੂੰ ਵਿਦੇਸ਼ ਦੌਰੇ ’ਤੇ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ। ਵਿਦੇਸ਼ ਦੌਰੇ ਲਈ ਸਿਆਸੀ ਕਲੀਅਰੈਂਸ ਦੇਣਾ ਇੱਕ ਸੰਵੇਦਨਸ਼ੀਲ ਮੁੱਦਾ ਹੈ। ਕਿਸੀ ਵੀ ਵਿਅਕਤੀ ਨੂੰ ਵਿਦੇਸ਼ ਯਾਤਰਾ ਦੀ ਇਜ਼ਾਜਤ ਦੇਣ ਜਾਂ ਫਿਰ ਨਹੀਂ ਦੇਣਾ ਕਈ ਕਾਰਨਾਂ ’ਤੇ ਨਿਰਭਰ ਕਰਦਾ ਹੈ। ਉਸ ਦੇਸ਼ ਨਾਲ ਭਾਰਤ ਸਬੰਧੀ ਕਿਵੇਂ ਦੇ ਚੱਲ ਰਹੇ ਹਨ। ਮੌਜ਼ੂਦਾ ਸਮੇਂ ਵਿੱਚ ਵਿਦੇਸ਼ ਨੀਤੀ ਕੀ ਕਹਿੰਦੀ ਹੈ ਅਤੇ ਉਸ ਦੇਸ਼ ਵਿੱਚ ਸਿਆਸੀ ਮਾਹੌਲ ਕਿਵੇਂ ਦਾ ਚਲ ਰਿਹਾ ਹੈ। ਇਸ ਤਰ੍ਹਾਂ ਦੇ ਕਈ ਕਾਰਨ, ਜਿਨ੍ਹਾਂ ਦੇ ਆਧਾਰ ‘ਤੇ ਇਜ਼ਾਜਤ ਦੇਣ ਜਾਂ ਫਿਰ ਨਹੀਂ ਦੇਣ ਦਾ ਫੈਸਲਾ ਕੀਤਾ ਜਾਂਦਾ ਹੈ।
ਵਿਦੇਸ਼ ਜਾਣ ਦੀ ਇਜ਼ਾਜਤ ਦੇਣ ਜਾਂ ਫਿਰ ਨਹੀਂ ਦੇਣ ਦੇ ਮੁੱਖ ਮਾਪਦੰਡ
- ਉਸ ਦੇਸ਼ ਦੇ ਭਾਰਤ ਨਾਲ ਰਿਸ਼ਤੇ ਕਿਵੇਂ ਚੱਲ ਰਹੇ ਹਨ?
- ਵਿਦੇਸ਼ ਦੌਰਾ ਕਰਨ ਸਮੇਂ ਵਿਦੇਸ਼ ਨੀਤੀ ਕੀ ਕਹਿੰਦੀ ਹੈ?
- ਉਸ ਦੇਸ਼ ਵਿੱਚ ਸਿਆਸੀ ਮਾਹੌਲ ਕਿਵੇਂ ਦਾ ਚੱਲ ਰਿਹਾ ਹੈ?
- ਉਸ ਦੇਸ਼ ਜਾਂ ਉਸ ਨਾਲ ਜੁੜੀਆਂ ਭਾਰਤ ਵਿਰੋਧੀ ਗਤੀਵਿਧੀਆਂ
- ਸੁਰੱਖਿਆ ਅਤੇ ਡਿਪਲੋਮੇਸੀ ਸਬੰਧੀ ਕੁਝ ਮਾਪਢੰਡ













