Sunday Sale Patiala: ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਟਿਆਲਾ ਫੇਰੀ ਦੁਕਾਨਦਾਰਾਂ ’ਤੇ ਭਾਰੀ
- ਸ਼੍ਰੀ ਕਾਲੀ ਮਾਤਾ ਮੰਦਰ ਦੇ ਆਲੇ-ਦੁਆਲੇ ਰਿਹਾ ਕਰਫਿਊ ਵਰਗਾ ਮਾਹੌਲ | Sunday Sale Patiala
Sunday Sale Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਟਿਆਲਾ ਫੇਰੀ ਮੌਕੇ ਸ਼ਹਿਰ ਅੰਦਰ ਕਰਫਿਊ ਵਰਗਾ ਮਾਹੌਲ ਰਿਹਾ। ਇੱਥੋਂ ਤੱਕ ਕਿ ਹਰ ਐਤਵਾਰ ਲੱਗਣ ਵਾਲੀ ਸੰਡੇ ਸੇਲ ਵੀ ਨਾ ਲੱਗਣ ਦਿੱਤੀ ਗਈ, ਜਿਸ ਕਾਰਨ ਦੁਕਾਨਦਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਅੱਜ ਪਟਿਆਲਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਰ ਵਿਖੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਤਮਸਤਕ ਹੋਣ ਲਈ ਪੁੱਜੇ ਸਨ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਆਲੇ ਦੁਆਲੇ ਇਲਾਕਿਆਂ ’ਚ ਸਖਤੀ ਕਰਕੇ ਕਰਫਿਊ ਵਰਗਾ ਮਾਹੌਲ ਬਣਾਇਆ ਹੋਇਆ ਸੀ। ਸ਼੍ਰੀ ਕਾਲੀ ਮਾਤਾ ਮੰਦਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਪੁਲਿਸ ਵੱਲੋਂ ਇੱਕ ਤਰ੍ਹਾਂ ਨਾਲ ਬੰਦ ਹੀ ਕੀਤਾ ਹੋਇਆ ਸੀ, ਜਿਸ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Sunday Sale Patiala
ਵੱਡੀ ਗੱਲ ਇਹ ਰਹੀ ਕਿ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਕਾਫੀ ਦੂਰ ਛੋਟੀ ਬਾਰਾਂਦਰੀ ’ਚ ਲੱਗਣ ਵਾਲੀ ਸੰਡੇ ਸੇਲ ’ਤੇ ਵੀ ਵੀਆਈਪੀ ਪਰਛਾਵਾਂ ਪਿਆ ਤੇ ਹਫਤੇ ਵਿੱਚ ਇੱਕ ਵਾਰ ਐਤਵਾਰ ਨੂੰ ਲੱਗਣ ਵਾਲੀ ਇਹ ਸੇਲ ਨਾ ਲੱਗਣ ਦਿੱਤੀ। ਇਸ ਸੇਲ ਵਿੱਚ 800 ਤੋਂ ਵੱਧ ਦੁਕਾਨਦਾਰ ਅਤੇ ਫੜੀਆਂ ਵਾਲੇ ਆਪਣੀਆਂ ਦੁਕਾਨਾਂ ਲਾ ਕੇ ਆਪਣਾ ਰੁਜ਼ਗਾਰ ਚਲਾਉਂਦੇ ਹਨ ਪਰ ਅੱਜ ਇਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
Read Also : Severe Storm Damage: ਤੇਜ਼ ਤੁਫਾਨ ਨਾਲ ਘਰ ਦੀ ਛੱਤ ਡਿੱਗੀ, ਜਾਨੀ ਨੁਕਾਸਾਨ ਤੋਂ ਬਚਾਅ
ਇਸ ਮੌਕੇ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਸ਼ਾਮ ਨੂੰ ਹੀ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਕਿ ਕੱਲ੍ਹ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਕਰਕੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਹੋਏ ਹਨ ਇਸ ਲਈ ਤੁਹਾਡੇ ਵੱਲੋਂ ਕੱਲ੍ਹ ਨੂੰ ਇੱਥੇ ਕੋਈ ਵੀ ਦੁਕਾਨ ਨਹੀਂ ਲਾਈ ਜਾਵੇਗੀ, ਇਸ ਲਈ ਜੇਕਰ ਕੋਈ ਗੜਬੜੀ ਹੋਈ ਤਾਂ ਇਸ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਵੱਖ-ਵੱਖ ਸਾਥੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਅੱਜ ਇੱਥੇ ਕੋਈ ਵੀ ਦੁਕਾਨ ਨਹੀਂ ਲੱਗੀ।
ਉਂਜ ਭਾਵੇਂ ਬੀਤੇ ਦੁਪਹਿਰ ਇੱਥੇ ਆਰਜ਼ੀ ਤੌਰ ’ਤੇ ਟੈਂਟਾਂ ਵਾਲੇ ਪਾਈਪ ਗੱਡ ਦਿੱਤੇ ਗਏ ਸਨ ਪਰ ਇਹਨਾਂ ’ਤੇ ਟੈਂਟ ਨਹੀਂ ਪਾਏ ਗਏ। ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਹਫਤੇ ਵਿੱਚ ਇੱਕ ਵਾਰੀ ਲੱਗਣ ਵਾਲੀ ਸੰਡੇ ਸੇਲ ਅੰਦਰ ਪਟਿਆਲਾ ਹੀ ਨਹੀਂ, ਸਗੋਂ ਆਲੇ-ਦੁਆਲੇ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪੁੱਜਦੇ ਹਨ ਅਤੇ ਇੱਥੋਂ ਖਰੀਦਦਾਰੀ ਕਰਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਵੀ ਸਸਤਾ ਸਮਾਨ ਮੁਹੱਈਆ ਹੁੰਦਾ ਹੈ ਅਤੇ ਸਾਡਾ ਰੁਜ਼ਗਾਰ ਵੀ ਇੱਥੋਂ ਰੁੜਦਾ ਹੈ ਪਰ ਇਸ ਵਾਰ ਕਿਸੇ ਪ੍ਰਕਾਰ ਦੀ ਖਰੀਦਦਾਰੀ ਨਾ ਹੋਣ ਕਾਰਨ ਇਹ ਐਤਵਾਰ ਉਹਨਾਂ ਦਾ ਵਿਅਰਥ ਹੀ ਗਿਆ ਹੈ ਉਨ੍ਹਾਂ ਕਿਹਾ ਕਿ ਹੁਣ ਅਗਲੇ ਐਤਵਾਰ ਨੂੰ ਇੱਥੇ ਆਪਣਾ ਕਾਰੋਬਾਰ ਲਾਇਆ ਜਾਵੇਗਾ।
ਨੀਂਹ ਪੱਥਰ ਪੰਜਾਬੀ ਦੀ ਥਾਂ ਹਿੰਦੀ ’ਚ
ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਾਭਾ ਵਿਖੇ ਮਹਾਰਾਜਾ ਅਗਰਸੈਨ ਦੀ ਸਮਾਰਕ ਦਾ ਰੱਖਿਆ ਗਿਆ ਨੀਂਹ ਪੱਥਰ ਪੰਜਾਬੀ ਭਾਸ਼ਾ ਦੀ ਥਾਂ ਹਿੰਦੀ ਭਾਸ਼ਾ ’ਚ ਉਕਰਿਆ ਹੋਇਆ ਸੀ। ਵੱਡੀ ਗੱਲ ਇਹ ਸੀ ਕਿ ਇਸ ਨੀਂਹ ਪੱਥਰ ’ਤੇ ਅਰਵਿੰਦ ਕੇਜਰੀਵਾਲ ਦਾ ਨਾਂਅ ਵੱਡੇ ਅੱਖਰਾਂ ’ਚ ਲਿਖਿਆ ਹੋਇਆ ਸੀ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਂਅ ਹੇਠਾਂ ਛੋਟੇ ਅੱਖਰਾਂ ’ਚ ਲਿਖਿਆ ਹੋਇਆ ਸੀ। ਹਿੰਦੀ ਵਿੱਚ ਲਿਖੇ ਇਸ ਨੀਂਹ ਪੱਥਰ ਦੀ ਫੋਟੋ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ, ਜਿਸ ਵਿੱਚ ਆਖਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੰਜਾਬੀ ਮਾਂ-ਬੋਲੀ ਨੂੰ ਨਕਾਰਿਆ ਜਾ ਰਿਹਾ ਹੈ।