ਪੰਜਾਬ ਭਰ ’ਚ ਵੋਟਾਂ ਦੌਰਾਨ ਹਿੰਸਾ, ਕਈ ਥਾਂ ’ਤੇ ਬੂਥ ਕੈਪਚਰ ਕਰਨ ਦੇ ਦੋਸ਼, ਕਾਂਗਰਸੀਆਂ ’ਤੇ ਦੋਸ਼

ਸਮਾਣਾ ਅਤੇ ਰਾਜਪੁਰਾ ਵਿਖੇ ਝੜਪ, ਬੂਥ ਕੈਪਚਰ ਕਰਨ ਦੇ ਦੋਸ਼

ਪੱਟੀ ਵਿਖੇ ਗੋਲੀ ਚਲਣ ਤੱਕ ਦੇ ਦੋਸ਼

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਹੋ ਰਹੀਆਂ 8 ਨਗਰ ਨਿਗਮ ਅਤੇ 109 ਨਗਰ ਕੌਂਸਲਾਂ ਦੀਆਂ ਚੋਣਾਂ ਦੌਰਾਨ ਕਾਫ਼ੀ ਥਾਂ ’ਤੇ ਹਿੰਸਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਤਾਂ ਕਈ ਥਾਂ ’ਤੇ ਬੂਥ ਕੈਪਚਰ ਕਰਨ ਦੇ ਦੋਸ਼ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਪਾਰਟੀ ’ਤੇ ਪਾਏ ਜਾ ਰਹੇ ਹਨ। ਤਰਨਤਾਰਨ ਦੇ ਪੱਟੀ ਵਿਖੇ ਗੋਲੀ ਚਲਣ ਦੇ ਦੋਸ਼ ਆਮ ਆਦਮੀ ਪਾਰਟੀ ਲਗਾ ਰਹੀ ਹੈ ਅਤੇ ਉਨ੍ਹਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਰਕਰ ਵੀ ਗੋਲੀ ਨਾਲ ਜ਼ਖਮੀ ਹੋ ਗਏ ਹਨ। ਇਸੇ ਤਰ੍ਹਾਂ ਪਟਿਆਲਾ ਦੇ ਸਮਾਣਾ ਕਾਂਗਰਸ ਪਾਰਟੀ ’ਤੇ ਬੂਥ ਕੈਪਚਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਤਾਂ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਕਪੂਰ ਚੰਦ ’ਤੇ ਹਮਲਾ ਵੀ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 8 ਵਿੱਚ ਸਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਨਾਲ ਹੀ ਵਾਰਡ ਨੰਬਰ 9 ’ਚ ਬੂਥ ਦੇ ਬਾਹਰ ਆਮ ਆਦਮੀ ਪਾਰਟੀ ਵਲੋਂ ਧਰਨਾ ਲਗਾ ਦਿੱਤਾ ਗਿਆ ਹੈ, ਉਨ੍ਹਾਂ ਦਾ ਦੋਸ਼ ਹੈ ਕਿ ਜਾਅਲੀ ਵੋਟਾਂ ਭੁਗਤਾਈ ਜਾ ਰਹੀਆਂ ਹਨ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਇਥੇ ਹੀ ਰਾਜਪੁਰਾ ਦੇ ਕੁਝ ਵਾਰਡਾਂ ਤੋਂ ਵੀ ਧੱਕੇਸ਼ਾਹੀ ਹੋਣ ਦੀ ਖ਼ਬਰ ਬਾਹਰ ਆ ਰਹੀ ਹੈ। ਬਠਿੰਡਾ ਵਿਖੇ ਵੋਟ ਪਾਉਣ ਜਾ ਰਹੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਵਲੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਸਰੇਆਮ ਧੱਕਾ ਕਰ ਰਹੀ ਹੈ।

ਬਟਾਲਾ ਵਿਖੇ ਵੀ ਕਾਂਗਰਸ ਪਾਰਟੀ ਅਤੇ ਆਜ਼ਾਦ ਉਮੀਦਵਾਰ ਦੇ ਵਿਚਕਾਰ ਬਹਿਸ ਹੋਣ ਤੋਂ ਬਾਅਦ ਕਾਫ਼ੀ ਜਿਆਦਾ ਝੜਪ ਹੋਈ ਹੈ, ਜਿਸ ਦੇ ਚਲਦੇ ਦੋਹੇ ਧਿਰਾਂ ਨੂੰ ਸੱਟਾ ਲੱਗਣ ਦੀ ਖ਼ਬਰ ਆ ਰਹੀਂ ਹੈ। ਮੁਕਤਸਰ ਦੇ ਵਾਰਡ ਨੰਬਰ 4 ਵਿੱਚ ਵੀ ਗੜਬੜੀ ਹੋਣ ਦੀ ਖ਼ਬਰ ਆ ਰਹੀ ਹੈ ਅਤੇ ਇਸ ਨਾਲ ਹੀ ਝੜਪ ਹੋਣ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਮੁਹਾਲੀ ਵਿਖੇ ਆਜ਼ਾਦ ਉਮੀਦਵਾਰਾਂ ਦੋਸ਼ ਲਗਾਇਆ ਗਿਆ ਹੈ ਕਿ ਵਿਰੋਧੀ ਪਾਰਟੀ ਦੇ ਉਮੀਦਵਾਰ ਸਰੇਆਮ ਵੋਟਾਂ ਖਰੀਦ ਰਹੇ ਹਨ ਅਤੇ ਪੈਸੇ ਵੰਡਦੇ ਹੋਏ ਇੱਕ ਵਿਅਕਤੀ ਨੂੰ ਫੜਨ ਤੋਂ ਬਾਅਦ ਉਸ ਦੀ ਵੀਡੀਓ ਵਾਈਰਲ ਹੋ ਰਹੀ ਹੈ। ਇਹੋ ਜਿਹੀ ਘਟਨਾਵਾਂ ਬਾਰੇ ਪੰਜਾਬ ਦੇ ਕਈ ਥਾਂਵਾਂ ਤੋਂ ਖ਼ਬਰਾਂ ਬਾਹਰ ਆ ਰਹੀਆਂ ਹਨ।

12 ਵਜੇ ਤੱਕ ਹੋਈ 37 ਫੀਸਦੀ ਵੋਟਿੰਗ

ਪੰਜਾਬ ਵਿੱਚ 12 ਵਜੇ ਤੱਕ ਕੁਲ 37 ਫੀਸਦੀ ਵੋਟਿੰਗ ਹੋਈ ਹੈ। ਸਾਰੀਆਂ ਨਾਲੋਂ ਜਿਆਦਾ ਵੋਟਿੰਗ ਬਠਿੰਡਾ ਵਿਖੇ ਹੋਏ ਹੈ, ਜਿਥੇ ਕਿ 48 ਫੀਸਦੀ ਵੋਟ ਪੋਲ ਹੋਣ ਬਾਰੇ ਸਰਕਾਰ ਦੇ ਬੁਲਾਰੇ ਵਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ। ਜਦੋਂ ਕਿ ਸਾਰੀਆਂ ਨਾਲੋਂ ਘੱਟ ਸੰਗਰੂਰ ਵਿਖੇ ਵੋਟਿੰਗ ਹੋਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੰਗਰੂਰ ਜ਼ਿਲੇ੍ਹ ਵਿੱਚ 12 ਵਜੇ ਤੱਕ 30.7 ਫੀਸਦੀ ਵੋਟ ਹੀ ਪਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.