ਵਿਜੀਲੈਂਸ ਨੇ ਮੰਗਿਆ ਸੀ 5 ਦਿਨ ਦਾ ਰਿਮਾਂਡ ਪਰ ਅਦਾਲਤ ਨੇ ਦਿੱਤਾ ਸਿਰਫ਼ 3 ਦਿਨਾਂ ਰਿਮਾਂਡ
ਮੋਹਾਲੀ ਵਿਖੇ ਕਮਾਈ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਦਰਜ ਐ ਮਾਮਲਾ
ਚੰਡੀਗੜ੍ਹ, ਕਮਾਈ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਜਾਬ ਵਿਜੀਲੈਂਸ ਦੀ ਟੀਮ ਵੱਲੋਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਤੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਦੋਵਂੇ ਧਿਰਾਂ ਵੱਲੋਂ ਲਗਭਗ ਪੌਣਾ ਘੰਟਾ ਬਹਿਸ ਤੋਂ ਬਾਅਦ ਅਦਾਲਤ ਨੇ ਸਿਰਫ਼ 3 ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹੈ। ਦਿਆਲ ਸਿੰਘ ਕੋਲਿਆਂਵਾਲੀ ਦੇ ਵਕੀਲਾਂ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਰਿਮਾਂਡ ਨਾ ਦੇਣ ਦੀ ਮੰਗ ਕੀਤੀ ਗਈ ਸੀ ਪਰ ਵਿਜੀਲੈਂਸ ਵੱਲੋਂ ਤਰਕ ਦਿੱਤਾ ਗਿਆ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਦਿਆਲ ਸਿੰਘ ਕੋਲਿਆਂਵਾਲੀ ਤੋਂ ਹੁਣ ਤੱਕ ਇੱਕ ਵਾਰ ਵੀ ਪੁੱਛ-ਗਿੱਛ ਨਹੀਂ ਹੋਈ ਹੈ ਤੇ ਉਨ੍ਹਾਂ ਤੋਂ ਕਾਫ਼ੀ ਜ਼ਿਆਦਾ ਜਾਣਕਾਰੀ ਲੈਣ ਦੇ ਨਾਲ ਹੀ ਜਾਇਦਾਦ ਨਾਲ ਜੁੜੇ ਹੋਏ ਦਸਤਾਵੇਜ਼ ਵੀ ਹਾਸਲ ਕਰਨੇ ਹਨ। ਇਸ ਲਈ ਉਨ੍ਹਾਂ ਨੂੰ 5 ਦਿਨ ਦੇ ਰਿਮਾਂਡ ਦੀ ਜਰੂਰਤ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਰਿਮਾਂਡ ‘ਤੇ ਭੇਜਣ ਸਬੰਧੀ ਹਾਮੀ ਭਰ ਦਿੱਤੀ ਗਈ ਹੈ।
ਇੱਥੇ ਜਿਕਰਯੋਗ ਹੈ ਕਿ ਦਿਆਲ ਸਿੰਘ ਕੋਲੀਆਂਵਾਲੀ ਖ਼ਿਲਾਫ਼ ਕਮਾਈ ਤੋਂ ਜਿਆਦਾ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਸਾਲ 2009 ਤੋਂ ਲੈ ਕੇ 2014 ਤੱਕ ਦਿਆਲ ਸਿੰਘ ਕੋਲੀਆਂਵਾਲੀ ਵੱਲੋਂ ਆਪਣੇ ਅਹੁਦੇ ‘ਤੇ ਰਹਿੰਦੇ ਹੋਏ 1 ਕਰੋੜ 71 ਲੱਖ ਰੁਪਏ ਦਾ ਵਾਧੂ ਖ਼ਰਚ ਕੀਤਾ ਗਿਆ ਹੈ, ਜਿਹੜਾ ਕਿ ਉਨ੍ਹਾਂ ਦੀ ਕਮਾਈ ਤੋਂ 71 ਫੀਸਦੀ ਜ਼ਿਆਦਾ ਬਣਦਾ ਹੈ। ਇੱਥੇ ਹੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦਿਆਲ ਸਿੰਘ ਕੋਲੀਆਂਵਾਲੀ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਸਰਕਾਰੀ ਗੱਡੀਆਂ ਦਾ ਇਸਤੇਮਾਲ ਕੀਤਾ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਮਚਾਰੀਆਂ ਦੀ ਤੈਨਾਤੀਆਂ ਤੇ ਬਦਲੀਆਂ ਕਰਵਾਉਂਦੇ ਹੋਏ ਮੋਟੇ ਪੈਸੇ ਇਕੱਠੇ ਕਰਦੇ ਸਨ। ਇਹ ਸਾਰਾ ਕੰਮ ਗੈਰ ਕਾਨੂੰਨੀ ਤੱਤਾਂ ਨੂੰ ਨਾਲ ਲੈ ਕੇ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਦਿਆਲ ਸਿੰਘ ਕੋਲੀਆਂਵਾਲੀ ਖ਼ਿਲਾਫ਼ ਮੋਹਾਲੀ ਸਥਿੱਤ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਤਹਿਤ ਹੀ ਇਹ ਸਾਰੀ ਕਾਰਵਾਈ ਚੱਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।