ਹੁਸ਼ਿਆਰਪੁਰ: ਪੰਜਾਬ ਦੇ ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਦਫਤਰ ਕੁਝ ਲੋਕਾਂ ਨੇ ਦਾਖਲ ਹੋ ਕੇ ਉਸ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਾਂਪਲਾ ਦੇ ਸਮਰਥਕਾਂ ਨੇ ਪੁਲਸ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਦਫਤਰ ਤੋਂ ਬਾਹਰ ਕੱਢਿਆ।
ਕੋਠੀ ਵਿਚ ਬਣਾਏ ਹੋਏ ਸਨ ਤਿੰਨ ਦਫਤਰ
ਜ਼ਿਕਰਯੋਗ ਹੈ ਕਿ ਸਾਂਪਲਾ ਦਾ ਦਫਤਰ ਹੁਸ਼ਿਆਰਪੁਰ ਦੇ ਮੁਹੱਲਾ ਸ਼ਾਲੀਮਾਰ ਨਗਰ ਵਿਚ ਹੈ। ਇੱਥੇ ਇਕ ਕੋਠੀ ਵਿਚ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੇ ਤਿੰਨ ਦਫਤਰ ਬਣਾਏ ਹੋਏ ਸਨ। ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਕੱਲ੍ਹ ਕੁਝ ਲੋਕ ਕੋਠੀ ਵਿਚ ਦਾਖਲ ਹੋ ਗਏ ਅਤੇ ਦਰਵਾਜ਼ੇ ਤੇ ਖਿੜਕੀਆਂ ਤੋੜ ਦਿੱਤੀਆਂ। ਜਦੋਂ ਇਸ ਦਾ ਪਤਾ ਭਾਜਪਾ ਸਮਰਥਕਾਂ ਨੂੰ ਲੱਗਾ ਤਾਂ ਦੋਹਾਂ ਧਿਰਾਂ ਵਿਚ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਾਂਸਦ ਵਿਜੇ ਸਾਂਪਲਾ ਦੇ ਪੀਏ ਭਾਰਤ ਭੂਸ਼ਣ ਦੀ ਸਿ਼ਕਾਇਤ ਤੋਂਂ ਬਾਅਦ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਦੂਜੀ ਧਿਰ ਨਾਲ ਸਬੰਧਿਤ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਸਾਂਪਲਾ ਨੇ ਇਸ ਕੋਠੀ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਦੋਂ ਕਿ ਸਾਂਪਲਾ ਦਾ ਕਹਿਣਾ ਹੈ ਕਿ ਇਹ ਕੋਠੀ ਉਨ੍ਹਾਂ ਨੇ ਕਿਰਾਏ ‘ਤੇ ਲਈ ਹੋਈ ਹੈ। ਇਸ ਤੋਂ ਪਹਿਲਾਂ ਸਾਂਪਲਾ ਅਦਾਲਤ ਵਿਚ ਇਸ ਸੰਬੰਧੀ ਕੇਸ ਵੀ ਜਿੱਤ ਚੁੱਕੇ ਹਨ।