ਕੇਜਰੀਵਾਲ ਨੇ ਕੁਝ ਸੈਂਕੜੇ ਸਕੂਲਾਂ ਦੇ ਪ੍ਰਚਾਰ ਲਈ ਹੀ 600 ਕਰੋੜ ਰੁਪਏ ਖਰਚੇ -ਵਿਜੈ ਇੰਦਰ ਸਿੰਗਲਾ
- ਪੰਜਾਬ ਸਰਕਾਰ ਤੋਂ ਲੋਕ ਖੁਸ਼, ਸੂਬੇ ’ਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ- ਵਿਧਾਇਕ ਰਜਿੰਦਰ ਸਿੰਘ
(ਸੁਨੀਲ ਚਾਵਲਾ) ਸਮਾਣਾ। ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਥੇ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 45 ਮੀਟਰ ਪੁਲ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ। ਇਸੇ ਮੌਕੇ ਉਨ੍ਹਾਂ ਨੇ 12.75 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਸਮਾਣਾ-ਪਟਿਆਲਾ ਰੋਡ ’ਤੇ ਫ਼ਤਹਿਪੁਰ ਵਿਖੇ ਸੜਕ ਦਾ ਵਿੰਗ ਕੱਢਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।
ਇਸ ਦੌਰਾਨ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਾਖੜਾ ਦੇ ਇਸ ਪੁਲ ਦੇ ਬਨਣ ਸਮੇਤ ਫਤਿਹਪੁਰ ਨੇੜੇ ਸੜਕ ਦਾ ਵਿੰਗ ਕੱਢੇ ਜਾਣ ਨਾਲ ਰਾਹਗੀਰਾਂ ਨੂੰ ਸੜਕ ਹਾਦਸਿਆਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਜਿਸ ਨੇ ਆਪਣੇ ਕੁਲ 1250 ਦੇ ਕਰੀਬ ਸਕੂਲਾਂ ’ਚੋਂ 400 ਦੇ ਕਰੀਬ ਸਕੂਲਾਂ ’ਚ ਕੁਝ ਸੁਧਾਰ ਕਰਕੇ ਇਨ੍ਹਾਂ ਦੇ ਪ੍ਰਚਾਰ ਉਪਰ ਹੀ 6 ਸੌ ਕਰੋੜ ਰੁਪਏ ਖ਼ਰਚ ਦਿੱਤੇ। ਜਦਕਿ ਪੰਜਾਬ ਸਰਕਾਰ ਨੇ ਰਾਜ ਦੇ 19 ਹਜਾਰ ਸਕੂਲਾਂ ’ਚੋਂ 13 ਹਜਾਰ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਿੱਖਿਆ ਦੇ ਖੇਤਰ ’ਚ ਦੇਸ਼ ’ਚੋਂ ਪਹਿਲੇ ਸਥਾਨ ’ਤੇ ਆਇਆ ਪਰੰਤੂ ਅਸੀਂ ਆਪਣੀ ਇਸ ਪ੍ਰਾਪਤੀ ਨੂੰ ਆਮ ਆਦਮੀ ਪਾਰਟੀ ਦੀ ਤਰ੍ਹਾਂ ਨਹੀਂ ਪ੍ਰਚਾਰਿਆ।
ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂਮ ਸੰਤ ਰਾਮ ਸਿੰਗਲਾ, ਜਿਨ੍ਹਾਂ ਦਾ ਅੱਜ 87ਵਾਂ ਜਨਮ ਦਿਨ ਮਨਾਇਆ ਗਿਆ ਹੈ, ਦਾ ਜਿਕਰ ਕਰਦਿਆਂ, ਭਾਵੁਕਤਾ ਨਾਲ ਆਖਿਆ ਕਿ, ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦੇ ਕੇ ਆਪਣੇ ਪਿਤਾ ਦੇ ਟੀਚੇ ਪੂਰੇ ਕਰਨ ਲਈ ਭਰਪੂਰ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਸੰਗਰੂਰ ਵਿਖੇ ਦੇਸ਼ ਦਾ ਪਹਿਲਾ ਯਾਦਗਾਰੀ ਸਮਾਰਕ ਬਣਾਇਆ ਹੈ।
ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ’ਚੋਂ ਇਕੱਲਾ ਸਮਾਣਾ ਹਲਕਾ ਹੀ ਇਕਲੌਤਾ ਹਲਕਾ ਹੈ, ਜਿੱਥੇ ਸਭ ਤੋਂ ਵੱਧ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੁਲ ਸਮਾਣਾ ਤੇ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਹਰਿਆਣਾ ਤੇ ਦਿਲੀ ਆਦਿ ਜਾਣ ਵਾਲੇ ਰਾਹਗੀਰਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪ੍ਰਦੁਮਨ ਸਿੰਘ ਵਿਰਕ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਬਲਾਕ ਪ੍ਰਧਾਨ ਸ਼ਿਵ ਘੱਗਾ, ਰਤਨ ਸਿੰਘ ਸਿੰਘ ਚੀਮਾ, ਪੀ.ਏ. ਸਚਿਨ ਕੰਬੋਜ, ਡਾ. ਸਤਪਾਲ ਜੌਹਰੀ, ਰਾਜ ਸਚਦੇਵਾ, ਲਾਭ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਕੌਂਸਲਰ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ