ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਸੰਮਨ ਭੇਜਿਆ

Charanjit Channi

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ 21 ਅਪ੍ਰੈਲ ਨੂੰ ਹੋਵੇਗੀ ਜਾਂਚ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi ) ਨੂੰ ਮੁੜ ਨੋਟਿਸ ਭੇਜਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੰਨੀ ਨੂੰ 21 ਅਪ੍ਰੈਲ ਨੂੰ ਮੁਹਾਲੀ ਦੇ ਮੁੱਖ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਜਦੋਂ ਚੰਨੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜਲੰਧਰ ਆਏ ਸਨ ਤਾਂ ਉਨ੍ਹਾਂ ਨੂੰ 14 ਅਪ੍ਰੈਲ ਨੂੰ ਵਟਸਐਪ ‘ਤੇ ਸੰਦੇਸ਼ ਭੇਜ ਕੇ ਤਲਬ ਕੀਤਾ ਗਿਆ ਸੀ।

14 ਅਪ੍ਰੈਲ ਨੂੰ ਚੰਨੀ ਤੋਂ 7 ਘੰਟੇ ਤੱਕ ਕੀਤੀ ਗਈ ਸੀ ਪੁੱਛਗਿਛ

ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 20 ਅਪਰੈਲ ਲਈ ਨੋਟਿਸ ਦਿੱਤਾ ਸੀ ਪਰ ਜਿਵੇਂ ਹੀ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਖ਼ਿਲਾਫ਼ ਮੂੰਹ ਖੋਲ੍ਹਿਆ ਤਾਂ 6 ਦਿਨ ਪਹਿਲਾਂ ਵਿਜੀਲੈਂਸ ਹੈੱਡਕੁਆਰਟਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ। 14 ਅਪ੍ਰੈਲ ਨੂੰ ਵਿਜੀਲੈਂਸ ‘ਚ ਪੇਸ਼ ਹੋਣ ਤੋਂ ਪਹਿਲਾਂ ਚੰਨੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਖਾਲੀ ਹਨ, ਉਨ੍ਹਾਂ ਕੋਲ ਕੁਝ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ 14 ਅਪ੍ਰੈਲ ਨੂੰ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਦਫਤਰ ‘ਚ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।

ਪੁੱਛਗਿੱਛ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਉਸ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੋ ਵੀ ਸੀ, ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਚੰਨੀ ਤੋਂ ਮਾਈਨਿੰਗ ਮਾਮਲੇ ‘ਚ ਉਸ ਦੇ ਭਤੀਜੇ ਭੁਪਿੰਦਰ ਹਨੀ ਤੋਂ ਬਰਾਮਦ 10 ਕਰੋੜ ਰੁਪਏ ਬਾਰੇ ਵੀ ਪੁੱਛਗਿੱਛ ਕੀਤੀ ਗਈ। ਉਸ ਤੋਂ ਪੁੱਛਿਆ ਗਿਆ ਕਿ ਹਨੀ ਕੋਲ 10 ਕਰੋੜ ਕਿੱਥੋਂ ਆਏ। ਇਸ ਤੋਂ ਇਲਾਵਾ ਉਨ੍ਹਾਂ ਤੋਂ ਕੌਂਸਲਰ ਤੋਂ ਵਿਧਾਇਕ, ਫਿਰ ਵਿਧਾਇਕ ਤੋਂ ਮੰਤਰੀ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਮਦਨ ਅਤੇ ਜਾਇਦਾਦ ਬਾਰੇ ਪੁੱਛਿਆ ਗਿਆ।

ਵਿਦੇਸ਼ ਦੌਰਿਆਂ ਬਾਰੇ ਵੀ ਸਵਾਲ ਉਠਾਏ (Charanjit Channi )

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi ) ਦੇ ਸੱਤਾ ਤੋਂ ਹੇਠਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਵਿਦੇਸ਼ ਦੌਰਿਆਂ ਬਾਰੇ ਵੀ ਸਵਾਲ ਉਠਾਏ ਗਏ ਸਨ। ਵਿਜੀਲੈਂਸ ਨੇ ਚੰਨੀ ਤੋਂ ਵਿਦੇਸ਼ਾਂ ਵਿੱਚ ਜਾਇਦਾਦ ਬਣਾਉਣ ਅਤੇ ਉੱਥੇ ਨਿਵੇਸ਼ ਕਰਨ ਬਾਰੇ ਕੁਝ ਸਵਾਲ ਪੁੱਛੇ ਸਨ। ਜਿਸ ਨੂੰ ਚੰਨੀ ਨੇ ਸਿਰੇ ਤੋਂ ਨਕਾਰ ਦਿੱਤਾ ਸੀ। ਹਨੀ ਨਾਲ ਪੈਸਿਆਂ ਦੇ ਮਾਮਲੇ ‘ਚ ਚੰਨੀ ਨੇ ਕਿਹਾ ਸੀ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਦਾ ਉਸ ਦੇ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੰਨੀ ਨੇ ਕਿਹਾ ਸੀ ਕਿ ਉਹ ਸਰਕਾਰ ਦੇ ਝੂਠੇ ਕੇਸਾਂ ਕਾਰਨ ਮਰਨ ਵਾਲੇ ਨਹੀਂ ਹਨ। ਜੇ ਸਰਕਾਰ ਨੇ ਮਾਰਨਾ ਹੈ ਤਾਂ ਮੂਸੇਵਾਲਾ ਵਾਂਗ ਗੋਲੀ ਮਾਰੋ। ਚੰਨੀ ਦੇ ਨਾਲ ਉਨ੍ਹਾਂ ਦਾ ਵਕੀਲ ਵੀ ਸੀ ਅਤੇ ਚੰਨੀ ਨੇ ਆਪਣੀ ਜਾਇਦਾਦ ਦੇ ਸਾਰੇ ਵੇਰਵੇ ਇਕੱਠੇ ਤਿਆਰ ਕਰ ਲਏ ਸਨ। ਪਿਛਲੀ ਵਾਰ ਵਿਜੀਲੈਂਸ ਦਫ਼ਤਰ ਦੇ ਬਾਹਰ ਚੰਨੀ ਨੇ ਕਿਹਾ ਸੀ ਕਿ ਮੈਨੂੰ ਕੋਈ ਡਰ ਨਹੀਂ ਹੈ। ਚੰਨੀ ਆਪਣੇ ਵਕੀਲਾਂ ਨਾਲ ਇਕੱਲੇ ਹੀ ਵਿਜੀਲੈਂਸ ਦਫ਼ਤਰ ਪੁੱਜੇ ਸਨ।

ਪੁੱਛਗਿੱਛ ਤੋਂ ਬਾਅਦ ਬਾਹਰ ਆਏ ਚੰਨੀ ਬਹੁਤ ਗੁੱਸੇ ‘ਚ ਸਨ। ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਅਤੇ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ’ਤੇ ਸੈਂਕੜੇ ਏਕੜ ਜ਼ਮੀਨ ਅਤੇ ਮਹਿੰਗੀਆਂ ਗੱਡੀਆਂ ਦੇ ਦੋਸ਼ ਲੱਗੇ ਸਨ, ਹੁਣ ਸਰਕਾਰ ਮੈਨੂੰ ਉਸ ਜ਼ਮੀਨ ’ਤੇ ਖੜ੍ਹਾ ਕਰਕੇ ਦਿਖਾਵੇ ਕਿ ਇਹ ਮੇਰੀ ਹੈ। ਜਿਸ ਸਰਕਾਰ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ ਉਸ ਦੇ ਪੁੱਤਰ ਕੋਲ ਮਹਿੰਗੀਆਂ ਗੱਡੀਆਂ ਹਨ, ਉਹ ਦਿਖਾਵੇ ਕਿ ਉਹ ਗੱਡੀਆਂ ਕਿੱਥੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here