Vigilance Bureau: ਵਿਜੀਲੈਂਸ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਕੇਸ ਦਰਜ

Vigilance Bureau
ਮਾਨਸਾ : ਗ੍ਰਿਫਤਾਰ ਮੁਲਜਮ ਵਿਜੀਲੈਸ ਟੀਮ ਨਾਲ।

 ਜੇਈ ਅਤੇ ਠੇਕੇਦਾਰ ਗ੍ਰਿਫਤਾਰ, ਕੌਂਸਲ ਦੇ ਇੰਜਨੀਅਰ ਦੀ ਗ੍ਰਿਫ਼ਤਾਰੀ ਬਾਕੀ

Vigilance Bureau: (ਸੁਖਜੀਤ ਮਾਨ) ਮਾਨਸਾ। ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਬੁਢਲਾਡਾ ਦੇ ਅਧਿਕਾਰੀਆਂ-ਕਰਮਚਾਰੀਆਂ ਅਤੇ ਠੇਕੇਦਾਰ ਵਿਰੁੱਧ ਸੜਕ ਦੇ ਨਿਰਮਾਣ ਵਿੱਚ ਇੱਕ ਦੂਜੇ ਦੀ ਮਿਲੀਭੁਗਤ ਨਾਲ ਬੇਨਿਯਮੀਆਂ ਕਰਨ ਅਤੇ ਸਰਕਾਰ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਕਰਨ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਨਗਰ ਕੌਂਸਲ ਬੁਢਲਾਡਾ ਦੇ ਮੁਲਾਜ਼ਮ ਇੰਦਰਜੀਤ ਸਿੰਘ ਸਹਾਇਕ ਮਿਉਂਸਪਲ ਇੰਜੀਨੀਅਰ (ਏਐੱਮਈ), ਰਾਕੇਸ਼ ਕੁਮਾਰ ਜੂਨੀਅਰ ਇੰਜੀਨੀਅਰ (ਜੇਈ) ਅਤੇ ਠੇਕੇਦਾਰ ਰਾਕੇਸ਼ ਕੁਮਾਰ, ਮਾਲਕ ਆਦਰਸ਼ ਕੋਆਪ੍ਰੇਟਿਵ ਐਲ ਐਂਡ ਸੀ ਸੁਸਾਇਟੀ ਝੁਨੀਰ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Panchayat Elections: ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਬੁਢਲਾਡਾ ਦੇ ਉਕਤ ਅਧਿਕਾਰੀਆਂ-ਕਰਮਚਾਰੀਆਂ ਨੇ ਠੇਕੇਦਾਰ ਨਾਲ ਮਿਲ ਕੇ ਬੁਢਲਾਡਾ ਸ਼ਹਿਰ ਦੀ ਕੁਲਾਣਾ ਰੋਡ ਤੱਕ ਸੀਮਿੰਟ ਕੰਕਰੀਟ ਵਾਲੀ ਸੜਕ ਦੇ ਨਿਰਮਾਣ ਕਾਰਜ ਵਿੱਚ ਬੇਨਿਯਮੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਇੰਦਰਜੀਤ ਸਿੰਘ, ਏਐੱਮਈ ਅਤੇ ਰਾਕੇਸ਼ ਕੁਮਾਰ ਜੇਈ ਨੇ ਸੜਕ ਦੀ ਲਾਜ਼ਮੀ ਮੌਕੇ ਉਪਰ ਜਾ ਕੇ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਸਰਕਾਰੀ ਮਾਪ ਬੁੱਕ (ਐੱਮਬੀ) ਵਿੱਚ ਐਂਟਰੀਆਂ ਨੂੰ ਪੂਰਾ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਸ ਸੜਕ ਦੀ ਚੈਕਿੰਗ ਦੌਰਾਨ ਸੀਮਿੰਟ ਕੰਕਰੀਟ ਵਾਲੀ ਇਸ ਸੜਕ ਦੀ ਲੰਬਾਈ 693 ਫੁੱਟ ਪਾਈ ਗਈ ਜਦਕਿ ਸਰਕਾਰੀ ਐੱਮਬੀ ਵਿੱਚ ਇਸ ਦੀ ਲੰਬਾਈ 760 ਫੁੱਟ ਦਰਜ ਕੀਤੀ ਗਈ। Vigilance Bureau

ਇਸ ਤਰ੍ਹਾਂ ਠੇਕੇਦਾਰ ਨੂੰ ਹੋਰ ਅਦਾਇਗੀਆਂ ਕਰਨ ਲਈ ਐੱਮਬੀ ਵਿੱਚ 67 ਫੁੱਟ ਵੱਧ ਸੜਕ ਦਰਜ ਕੀਤੀ ਗਈ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਠੇਕੇਦਾਰ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਦੇ ਡਰੋਂ 2 ਲੱਖ ਰੁਪਏ ਕਾਰਜਸਾਧਕ ਅਫਸਰ ਨਗਰ ਕੌਂਸਲ ਬੁਢਲਾਡਾ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੇ ਗਏ, ਜਿਸ ਤੋਂ ਇਸ ਮਾਮਲੇ ਵਿੱਚ ਬੇਨਿਯਮੀਆਂ ਕਰਨ ਬਾਰੇ ਆਪਸੀ ਮਿਲੀਭੁਗਤ ਦਾ ਸਬੂਤ ਜ਼ਾਹਰ ਹੁੰਦਾ ਹੈ।

ਇਸ ਜਾਂਚ ਦੇ ਆਧਾਰ ’ਤੇ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਥਾਣਾ ਬਠਿੰਡਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਰਾਕੇਸ਼ ਕੁਮਾਰ ਜੇਈ ਅਤੇ ਮਾਨਸਾ ਸ਼ਹਿਰ ਰਹਿੰਦੇ ਠੇਕੇਦਾਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਇੰਦਰਜੀਤ ਸਿੰਘ, ਏ.ਐਮ.ਈ. ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।