ਕਿਹਾ, ਕਿਸਾਨ ਹਰੇ ਚਾਰੇ ’ਚ ਯੂਰੀਆ ਪਾ ਕੇ, ਚਾਰਾ ਤੁਰੰਤ ਕੱਟਕੇ ਪਸ਼ੂਆਂ ਨੂੰ ਪਾਉਣ ਤੋਂ ਗੁਰੇਜ਼ ਕਰਨ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਜੈ ਭੋਲੇ ਨਾਥ ਜੈ ਭਗਵਾਨ ਹਨੂਮਾਨ ਗਊਸ਼ਾਲਾ ਆਸ਼ਰਮ ਅਰਾਈ ਮਾਜਰਾ ਸਨੌਰ ਰੋਡ ਪਟਿਆਲਾ ’ਚ ਗਊਧਨ ਦੇ ਨੁਕਸਾਨ ਹੋਣ ਦਾ ਵੱਡਾ ਹਾਦਸਾ, ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੀ ਚੌਕਸੀ ਸਦਕਾ ਵਾਪਰਨ ਤੋਂ ਬਚ ਗਿਆ।
ਉਨ੍ਹਾਂ ਦੱਸਿਆ ਕਿ ਇੱਥੇ 157 ਗਊਆਂ ਹਨ, ਜਿਸ ਵਿੱਚੋਂ 2 ਦੀ ਅਚਾਨਕ ਮੌਤ ਹੋ ਗਈ ਜਦਕਿ ਬਾਕੀਆਂ ਦੀ ਸਿਹਤ ’ਚ ਆਈ ਅਚਾਨਕ ਗਿਰਾਵਟ ਦੇਖਦਿਆਂ ਪ੍ਰਬੰਧਕ ਹੰਸ ਰਾਜ ਭਾਰਦਵਾਜ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ, ਜਿਸ ਦਾ ਉਨ੍ਹਾਂ ਨੇ ਤੁਰੰਤ ਨੋਟਿਸ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਡਿਪਟੀ ਡਾਇਰੈਕਟਰ ਗੁਰਚਰਨ ਸਿੰਘ ਨੂੰ ਗਊਸ਼ਾਲਾ ’ਚ ਗਊਧਨ ਦਾ ਤੁਰੰਤ ਇਲਾਜ ਕਰਨ ਲਈ ਆਖਿਆ। ਇਸ ਤਰ੍ਹਾਂ ਪਸ਼ੂ ਪਾਲਣ ਦੀ ਮੈਡੀਕਲ ਟੀਮ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਗਊਧਨ ਨੂੰ ਬਚਾ ਲਿਆ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਮੈਡੀਕਲ ਟੀਮ ਨੇ ਜਦੋਂ ਇਸ ਹਾਦਸੇ ਦਾ ਕਾਰਨ ਜਾਨਣ ਲਈ ਗਊਧਨ ਦੇ ਖੂਨ ਦੇ ਸੈਂਪਲ ਲਏ ਅਤੇ ਗਊਧਨ ਨੂੰ ਪਾਏ ਗਏ ਚਾਰੇ ਦੀ ਗੁਣਵੱਤਾ ਪੜਤਾਲ ਕੀਤੀ ਗਈ ਤਾਂ ਨਾਈਟੇ੍ਰਟ ਜ਼ਹਿਰੀਲਾਪਣ ਸਾਹਮਣੇ ਆਇਆ, ਜਿਸ ਪਿੱਛੇ ਇਹ ਕਾਰਨ ਸਾਹਮਣੇ ਆਇਆ ਕਿ ਚਾਰੇ ’ਚ ਯੂਰੀਆ ਦੀ ਮਾਤਰਾ ਬਹੁਤ ਜਿਆਦਾ ਸੀ ਜੋ ਕਿ ਬਾਦ ’ਚ ਨਾਈਟੇ੍ਰਟ ’ਚ ਬਦਲਕੇ ਸਰੀਰ ’ਚ ਨਾਈਟੇ੍ਰਟ ਜ਼ਹਿਰ ਬਣ ਜਾਂਦਾ ਹੈ ਅਤੇ ਖੂਨ ਦੇ ਸੰਪਰਕ ’ਚ ਆਉਣ ਕਰਕੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਗਊਧਨ ਦੀ ਜਾਨ ਚਲੀ ਜਾਂਦੀ ਹੈ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਦੀ ਟੀਮ ਵੱਲੋਂ ਇਹ ਕਾਰਨ ਜਾਣਕੇ ਤੁਰੰਤ ਇਲਾਜ ਕੀਤਾ ਗਿਆ ਤੇ ਗਊਧਨ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਜਿਸ ਲਈ ਪੂਰੀ ਟੀਮ ਸ਼ਲਾਘਾ ਦੀ ਪਾਤਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।