ਭਰਤੀ ਦੇ ਨਾਮ ’ਤੇ ਤਿੰਨ ਕਿਸ਼ਤਾਂ ’ਚ ਵਸੂਲੀ, ਦੋ ਸਾਲ ਤੋਂ ਵੱਧ ਬਿਨਾਂ ਤਨਖਾਹ ਕੰਮ ਕਰਵਾਉਣ ਦਾ ਵੀ ਖੁਲਾਸਾ
Punjab Vigilance Bureau: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਭ੍ਰਿਸ਼ਟਾਚਾਰ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਲੁਧਿਆਣਾ ’ਚ ਤਾਇਨਾਤ ਸੀਵਰਮੈਨ ਨੂੰ 1 ਲੱਖ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਕੀਤੀ ਗਈ ਇੱਕ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ।
ਇਹ ਵੀ ਪੜ੍ਹੋ: Kotkapura News: ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਨੌਰਥ ਦੀ ਹੋਈ ਚੋਣ
ਸ਼ਿਕਾਇਤਕਰਤਾ ਫੋਕਲ ਪੁਆਇੰਟ ਲੁਧਿਆਣਾ ਦੇ ਪਿੰਡ ਜਮਾਲਪੁਰ ਅਵਾਣਾ ਦਾ ਵਸਨੀਕ ਹੈ। ਬੁਲਾਰੇ ਮੁਤਾਬਕ, ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੀਵਰਮੈਨ ਬਹਾਦਰ ਸਿੰਘ ਨੇ ਉਸ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਸੀਵਰਮੈਨ ਵਜੋਂ ਭਰਤੀ ਕਰਵਾਉਣ ਦੇ ਬਦਲੇ 1.50 ਲੱਖ ਰੁਪਏ ਦੀ ਰਿਸ਼ਵਤ ਤਿੰਨ ਕਿਸ਼ਤਾਂ ’ਚ ਲਈ। ਇਨ੍ਹਾਂ ਦੋਸ਼ਾਂ ਨੂੰ ਮਜ਼ਬੂਤ ਕਰਨ ਲਈ ਸ਼ਿਕਾਇਤਕਰਤਾ ਵੱਲੋਂ ਮੁਲਜ਼ਮ ਨੂੰ ਰਿਸ਼ਵਤ ਦੇ ਪੈਸੇ ਦਿੰਦਿਆਂ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ, ਜੋ ਜਾਂਚ ਦੌਰਾਨ ਅਹਿਮ ਸਬੂਤ ਵਜੋਂ ਸਾਹਮਣੇ ਆਈ ਹੈ।
ਵਿਜੀਲੈਂਸ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਲਗਭਗ ਢਾਈ ਸਾਲ ਤੱਕ ਸੀਵਰੇਜ਼ ਦੀ ਸਫਾਈ ਦਾ ਕੰਮ ਕਰਵਾਇਆ, ਪਰ ਇਸ ਅਰਸੇ ਦੌਰਾਨ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਤਨਖਾਹ ਨਹੀਂ ਦਿੱਤੀ ਗਈ। ਤਫਤੀਸ਼ ਦੌਰਾਨ ਲਾਏ ਗਏ ਦੋਸ਼ ਸਹੀ ਪਾਏ ਜਾਣ ਉਪਰੰਤ ਮੁਲਜ਼ਮ ਬਹਾਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਲੁਧਿਆਣਾ ਰੇਂਜ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। Punjab Vigilance Bureau














