(ਸਤਪਾਲ ਥਿੰਦ/ਵਿਜੈ ਹਾਂਡਾ) ਫਿਰੋਜ਼ਪੁਰ/ਗੁਰੂਹਰਸਹਾਏ। ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰੂਹਰਸਹਾਏ ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ ਹੇਠ 6000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਯੂਨਿਟ ਫਿਰੋਜ਼ਪੁਰ ਦੇ ਡੀਐੱਸਪੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਕਤ ਸੰਮਤੀ ਪਟਵਾਰੀ ਨੂੰ ਸਰਪੰਚ ਮਨਪ੍ਰੀਤ ਸਿੰਘ ਅਤੇ ਹਰਚਰਨ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ, ਤਹਿਸੀਲ ਗੁਰੂਹਰਸਹਾਏ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਅਦਾਲਤੀ ਕੇਸ ’ਚ ਉਸਦੀ ਸਹਾਇਤਾ ਲਈ 12,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਪਰ ਸੌਦਾ 7,500 ਰੁਪਏ ਵਿੱਚ ਹੋਇਆ। ਉਸ ਨੇ ਅੱਗੇ ਦੱਸਿਆ ਕਿ ਪਟਵਾਰੀ ਪਹਿਲਾਂ 1500 ਰੁਪਏ ਲੈ ਚੁੱਕਿਆ ਹੈ ਅਤੇ ਹੁਣ ਬਾਕੀ 6000 ਰੁਪਏ ਦੀ ਮੰਗ ਕਰ ਰਿਹਾ ਹੈ ।ਇਸ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਫਿਰੋਜ਼ਪੁਰ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਪਟਵਾਰੀ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਵਿਜੀਲੈਂਸ ਟੀਮ ਵੱਲੋਂ ਰੇਡ ਕਰਦਿਆਂ ਪਾਵਰਕੌਮ ਦੇ ਜੇਈ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਸੀ ਤੇ ਹੁਣ ਵਿਜੀਲੈਂਸ ਟੀਮ ਵੱਲੋਂ ਕਾਰਵਾਈ ਕਰਦਿਆਂ ਪਟਵਾਰੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ