ਫਰੀਦਕੋਟ ਜੇਲ੍ਹ ਦੀ ਵੀਡੀਓ ਵਾਈਰਲ, ਸੁਪਰਡੈਂਟ ਮੁਅੱਤਲ
- ਪੰਜਾਬ ਸਰਕਾਰ ਨੇ ਕੀਤੀ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਫਰੀਦਕੋਟ ਜੇਲ੍ਹ (Faridkot Jail) ਵਿੱਚ ਬੰਦਾ ਕੱਚੇ ਕੈਦੀ ਵੱਲੋਂ ਆਪਣੀ ਮੋਬਾਇਲ ਰਾਹੀਂ ਵੀਡੀਓ ਬਣਾਏ ਜਾਣ ਤੋਂ ਬਾਅਦ ਵਾਈਰਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਦੀ ਗਲਤੀ ਮੰਨਦੇ ਹੋਏ ਸੁਪਰਡੈਂਟ ਜੋਗਿੰਦਰ ਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਦੀ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ’ਤੇ ਮਨਾਹੀ ਹੈ ਅਤੇ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਕਾਰਵਾਈ ਹੋਣ ’ਤੇ ਸਰਕਾਰ ਵੱਲੋਂ ਜੇਲ੍ਹ ਸੁਪਰੀਡੈਂਟ ਨੂੰ ਹੀ ਜਿੰਮੇਵਾਰ ਮੰਨੇ ਜਾਣ ਦੇ ਆਦੇਸ਼ ਜਾਰੀ ਕੀਤੇ ਹੋਏ ਸਨ ਪਰ ਇਸ ਦੇ ਬਾਵਜੂਦ ਨਾ ਸਿਰਫ਼ ਫਰੀਦਕੋਟ ਦੀ ਜੇਲ੍ਹ ਵਿੱਚ ਇੱਕ ਕੱਚੇ ਕੈਦੀ ਕੋਲ ਫੋਨ ਪੁੱਜਿਆ, ਸਗੋਂ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਸਰਗਰਮੀ ਵੀ ਕੀਤੀ ਜਾ ਰਹੀ ਸੀ। ਜਿਸ ਕਾਰਨ ਹੀ ਜੇਲ੍ਹ ਵਿੱਚ ਤਿਆਰ ਹੋਈ ਵੀਡੀਓ ਵਾਈਰਲ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਫਰੀਦਕੋਟ ਜੇਲ੍ਹ ਵਿੱਚ ਬੰਦ ਇੱਕ ਕੈਦੀ ਵੱਲੋਂ ਪੰਜਾਬੀ ਗਾਣੇ ਲਗਾ ਮੌਜ ਮਸਤੀ ਕਰਨ ਦੀ ਵੀਡੀਓ ਤਿਆਰ ਕੀਤੀ ਗਈ ਸੀ। ਜਿਸ ਨੂੰ ਕਿ ਉਸ ਵੱਲੋਂ ਆਪਣੇ ਕੁਝ ਦੋਸਤਾਂ ਜਾਂ ਫਿਰ ਰਿਸ਼ਤੇਦਾਰਾਂ ਕੋਲ ਭੇਜਿਆ ਸੀ। ਜਿਸ ਤੋਂ ਬਾਅਦ ਇਹ ਵੀਡੀਓ ਵਾਈਰਲ ਹੋ ਗਈ। ਇਸ ਮਾਮਲੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਕੱਚੇ ਕੈਦੀ ਕਰਨ ਸ਼ਰਮਾ ਵਾਸੀ ਬਲਬੀਰ ਬਸਤੀ ਫਰੀਦਕੋਟ ਦੇ ਖ਼ਿਲਾਫ਼ ਜੇਲ੍ਹ ਐਕਟ ਦੇ ਤਹਿਤ ਮਾਮਲਾ ਵੀ ਦਰਜ਼ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ