Video Viral: ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਕਰਮਚਾਰੀ ਦੀ ਬਦਲੀ ਕਰਕੇ ਕੀਤੀ ਖਾਨਾ ਪੂਰਤੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ਦਾ ਸਿਵਲ ਹਸਪਤਾਲ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਹੈ। ਜਿੱਥੋਂ ਦੇ ਇੱਕ ਦਰਜ਼ਾ- 4 ਕਰਮਚਾਰੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕਰਮਚਾਰੀ ਇੱਕ ਮਹਿਲਾ ਮਰੀਜ਼ ਨੂੰ ਲੱਗੇ ਗੁਲੂਕੋਜ਼ ਨਾਲ ਛੇੜਛਾੜ ਕਰਦਾ ਦਿਖਾਈ ਦੇ ਰਿਹਾ ਹੈ। ਮਾਮਲਾ ਸਾਹਮਣੇ ਆਉਂਦਿਆਂ ਹੀ ਹਰਕਤ ਵਿੱਚ ਆਏ ਸਿਹਤ ਵਿਭਾਗ ਨੇ ਸਬੰਧਿਤ ਕਰਮਚਾਰੀ ਦੀ ਬਦਲੀ ਕਰਕੇ ਖਾਨਾ ਪੂਰਤੀ ਕਰ ਦਿੱਤੀ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜੋ ਨਸ਼ੇ ਦੀ ਹਾਲਤ ਵਿੱਚ ਠੀਕ ਢੰਗ ਨਾਲ ਖੜ੍ਹਾ ਵੀ ਨਹੀਂ ਰਹਿ ਪਾ ਰਿਹਾ, ਹਸਪਤਾਲ ਦੇ ਮਹਿਲਾ ਵਾਰਡ ਵਿੱਚ ਦਾਖਲ ਇੱਕ ਮਹਿਲਾ ਮਰੀਜ਼ ਨੂੂੰ ਲੱਗੀ ਹੋੋਈ ਡ੍ਰਿਪ (ਗੁਲੂਕੋਜ) ਨਾਲ ਛੇੜਛਾੜ ਕਰ ਰਿਹਾ ਹੈ। ਇਸ ਤੋਂ ਇਲਾਵਾ ਕਰਮਚਾਰੀ ਵੱਲੋਂ ਮਹਿਲਾ ਮਰੀਜ਼ ਦੀ ਬਾਂਹ ’ਤੇ ਲੱਗੇ ਕੇਨੋਲਾ (ਗੁਲੂਕੋਜ ਲਗਾਉਣ ਲਈ ਲਗਾਈ ਗਈ ਸੂਈ) ਨੂੰ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦਾ ਵਿਰੋਧ ਕਰਨ ਦੇ ਨਾਲ ਹੀ ਮਹਿਲਾ ਮਰੀਜ਼ ਰੌਲਾ ਵੀ ਪਾਉਂਦੀ ਹੈ। ਬਾਅਦ ਵਿੱਚ ਬੁਲਾਏ ਜਾਣ ’ਤੇ ਪਹੁੰਚੀ ਇੱਕ ਸਟਾਫ਼ ਨਰਸ ਕਰਮਚਾਰੀ ਨੂੰ ਉਥੋਂ ਹਟਾਉਂਦੀ ਹੈ ਅਤੇ ਮਰੀਜ਼ ਦੀ ਬਾਂਹ ’ਤੇ ਲੱਗੇ ਕੇਨੋਲਾ ਨੂੰ ਮੁੜ ਠੀਕ ਕਰਦੀ ਹੈ। Video Viral
ਇਹ ਵੀ ਪੜ੍ਹੋ: Soldier House Raid: ਐਨਆਈਏ ਵੱਲੋਂ ਪਿੰਡ ਮਾਝੀ ਵਿਖੇ ਫੌਜੀ ਦੇ ਘਰ ਅਚਨਚੇਤ ਛਾਪਾ
ਵੀਡੀਓ ਮੰਗਲਵਾਰ ਦੀ ਦੱਸੀ ਜਾ ਰਿਹਾ ਹੈ, ਜਿਸ ਨੂੰ ਮਰੀਜ਼ ਦੇ ਸਾਹਮਣੇ ਹੀ ਉਸਦੇ ਵਾਰਸਾਂ ਨੇ ਬਣਾਇਆ ਅਤੇ ਵਾਇਰਲ ਕਰ ਦਿੱਤਾ। ਵੀਡੀਓ ਵਿੱਚ ਨਾਲ ਦੇ ਬੈੱਡ ’ਤੇ ਪਏ ਹੋਰ ਮਰੀਜ਼ਾਂ ਵੱਲੋਂ ਕਰਮਚਾਰੀ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਗਿਆ ਪਰ ਬਾਵਜੂਦ ਕਰਮਚਾਰੀ ਮਰੀਜ਼ ਨੂੰ ਲੱਗੇ ਗੁਲੂਕੋਜ ਨਾਲ ਛੇੜਛਾੜ ਕਰਦਾ ਰਿਹਾ। ਵਾਇਰਲ ਵੀਡੀਓ ਸਿਵਲ ਹਸਪਤਾਲ ਲੁਧਿਆਣਾ ਦੀ ਹੋਣ ਦੀ ਪੁਸ਼ਟੀ ਕਰਦਿਆਂ ਐਸਐਮਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਬੰਧਿਤ ਕਰਮਚਾਰੀ ਦੀ ਪਹਿਚਾਣ ਸੁਖਦੇਵ ਵਜੋਂ ਹੋਈ ਹੈ, ਜਿਸ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦੇਣ ਲਈ ਕਹਿ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕੀ ਕਰਮਚਾਰੀ ਵਿਰੁੱਧ ਹੋਰ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਲਿਖ ਰਹੇ ਹਨ, ਕੀ ਕਾਰਵਾਈ ਕਰਨੀ ਹੈ ਇਹ ਵਿਭਾਗ ਨੇ ਦੇਖਣਾ ਹੈ।