ਡਿਊਟੀ ਵਿੱਚ ਕੋਤਾਹੀ ਦੇ ਕਥਿਤ ਦੋਸ਼ੀ ਡਾਕਟਰ ਦੀ ਮਾਲੇਰਕੋਟਲਾ ਤੋਂ ਬਦਲੀ
ਮਾਲੇਰਕੋਟਲਾ, (ਗੁਰਤੇਜ ਜੋਸ਼ੀ) | ਮਾਲੇਰਕੋਟਲਾ ਦੇ ਸਮੂਹ ਪੱਤਰਕਾਰਾਂ ਨੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿੱਚ ਉਸ ਸਮੇਂ ਵੱਡੀ ਅਤੇ ਇਤਿਹਾਸਕ ਜਿੱਤ ਹਾਸਲ ਕੀਤੀ ਜਦੋਂ ਮਾਲੇਰਕੋਟਲਾ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਵੱਲੋਂ ਡਿਊਟੀ ਵਿੱਚ ਕੋਤਾਹੀ ਕਰਨ ’ਤੇ ਉਸ ਦੀ ਬਦਲੀ ਕਰ ਦਿੱਤੀ ਗਈ ਅਤੇ ਉਸ ਦੇ ਖ਼ਿਲਾਫ ਸਿਹਤ ਵਿਭਾਗ ਨੂੰ ਵੀ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਗਿਆ। ਇਹ ਕਾਰਵਾਈ ਪੱਤਰਕਾਰਾਂ ਵੱਲੋਂ ਹਸਪਤਾਲ ਦੇ ਖਿਲਾਫ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਤੋਂ ਬਾਅਦ ਕੀਤੀ ਗਈ। ਹਲਾਂਕਿ ਸਿਹਤ ਵਿਭਾਗ ਪਹਿਲੇ ਦਿਨ ਹੀ ਪੱਬਾਂ ਭਾਰ ਆ ਗਿਆ ਸੀ ਅਤੇ ਸਿਵਲ ਸਰਜਨ ਅਤੇ ਐਸ.ਐਮ.ਓ. ਸਮੇਤ ਸਾਰੇ ਹਸਪਤਾਲ ਦੇ ਅਮਲੇ ਦੇ ਮੱਥੇ ’ਤੇ ਡਰ ਅਤੇ ਪਸੀਨੇ ਦੀਆਂ ਤਰੇਲੀਆਂ ਧਰਨਾ ਲੱਗਣ ਸਾਰ ਸਾਫ਼-ਸਾਫ਼ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ।
ਨਤੀਜੇ ਵਜੋਂ ਐਸ.ਐਮ.ਓ. ਡਾ. ਮੁਹੰਮਦ ਅਖ਼ਤਰ ਧਰਨੇ ’ਤੇ ਬੈਠੇ ਪੱਤਰਕਾਰ ਭਾਈਚਾਰੇ ਨੂੰ ਕਹਿ ਕਿ ਗਏ ਸੀ ਕਿ ਡਾਕਟਰ ਜਨਤਕ ਅਤੇ ਲਿਖਤ ਮਾਫ਼ੀ ਮੰਗਣ ਲਈ ਤਿਆਰ ਹੈ ਪਰ ਬਾਅਦ ’ਚ ਉਹ ਬਦਨਾਮੀ ਦੇ ਡਰ ਤੋਂ ਮੁੱਕਰ ਗਿਆ। ਹਲਾਂਕਿ ਪਹਿਲਾਂ ਡਾਕਟਰ ਮੁਹੰਮਦ ਅਖ਼ਤਰ ਦੀ ਜੁਬਾਨ ਵੀ ਫਿਸਲ ਗਈ ਸੀ ਅਤੇ ਉਹਨਾਂ ਵੀ ਪੱਤਰਕਾਰਾਂ ਨੂੰ ‘ਖ਼ਬਰਾਂ ਹੀ ਲਾ ਲਓ’ ਦਾ ਹੌਕਾ ਮਾਰ ਦਿੱਤਾ ਸੀ ਇਸ ਗੱਲ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਅਤੇ ਮਾਮਲਾ ਭੱਖ ਗਿਆ।
ਪਰ ਡਾ. ਅਖ਼ਤਰ ਸਮਝਦਾਰੀ ਵਿਖਾਉਂਦੇ ਹੋਏ ਕੁਝ ਮਿੰਟਾਂ ਬਾਅਦ ਹੀ ਧਰਨੇ ਵਿੱਚ ਆ ਗਏ ਅਤੇ ਡਾਕਟਰ ਵੱਲੋਂ ਜਨਤਕ ਮਾਫ਼ੀ ਦੀ ਗੱਲ ਕਹੀ। ਪੱਤਰਕਾਰਾਂ ਨੇ ਵੀ ਦਰਿਆਦਿਲੀ ਵਿਖਾਉਂਦਿਆਂ ਇਸ ਗੱਲ ਲਈ ਹਾਮੀ ਭਰ ਦਿੱਤੀ ਕਿ ਜੇਕਰ ਡਾਕਟਰ ਜਨਤਕ ਅਤੇ ਲਿਖਤੀ ਮਾਫ਼ੀ ਮੰਗਦਾ ਹੈ ਤਾਂ ਅਸੀਂ ਧਰਨਾ ਚੁੱਕ ਲਵਾਂਗੇ। ਪਰ ਡਾਕਟਰ ਬਾਅਦ ਵਿੱਚ ਅਪਣੀ ਹੀ ਗੱਲ ਤੋਂ ਮੁੱਕਰ ਗਏ ਜਿਸ ’ਤੇ ਪੱਤਰਕਾਰਾਂ ਦਾ ਰੋਹ ਹੋਰ ਜਿਆਦਾ ਵੱਧ ਗਿਆ। ਅੰਤ ਇਹ ਮਾਲੇਰਕੋਟਲਾ ਦੇ ਪੱਤਰਕਾਰਾਂ ਦੀ ਜਿੱਤ ਹੈ ਕਿ ਉਨ੍ਹਾਂ ਏਕੇ ਨਾਲ ਇਨਸਾਫ਼ ਪ੍ਰਾਪਤ ਕਰ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ