ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬੀਡੀਪੀਓ ਦਫਤਰ ਦਾ ਕੀਤਾ ਘਿਰਾਓ

ਮਾਮਲਾ : ਹੇੜੀਕੇ ਦੀ ਪੰਚਾਇਤੀ ਜਮੀਨ ਦੀ ਬੋਲੀ ਨੂੰ ਰੱਦ ਕਰਵਾਉਣ ਦਾ

ਸ਼ੇਰਪੁਰ, (ਰਵੀ ਗੁਰਮਾ)। ਸ਼ੇਰਪੁਰ ਬਲਾਕ ਦੇ ਪਿੰਡ ਹੇੜੀਕੇ ਵਿਖੇ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿੱਥੇ ਪ੍ਰਸ਼ਾਸਨ ਵੱਲੋਂ ਪਾਰਦਰਸ਼ੀ ਬੋਲੀ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਪਿੰਡ ਦੇ ਬਹੁਗਿਣਤੀ ਦਲਿਤ ਵਰਗ ਵੱਲੋਂ ਇਸ ਬੋਲੀ ਨੂੰ ਡਿੰਮੀ ਕਰਾਰ ਦਿੰਦੇ ਹੋਏ ਬੋਲੀ ਵਾਲੀ ਜ਼ਮੀਨ ਉੱਪਰ ਪਿਛਲੇ 20 ਦਿਨਾਂ ਤੋਂ ਕਬਜਾ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਮੁੜ ਬੋਲੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ਵਿਚ ਬੈਠੇ ਪਰਿਵਾਰਾਂ ਦੀ ਮੰਗ ਨਾ ਮੰਨਣ ਦੇ ਰੋਸ ਵਜੋਂ ਅੱਜ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਦਾ ਘਿਰਾਓ ਕਰਕੇ ਮਜਦੂਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਕਾਮਰੇਡ ਜਸਵੰਤ ਸਿੰਘ ਖੇੜੀ ਨੇ ਦੱਸਿਆ ਕਿ ਸਰਕਾਰ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਨ੍ਹਾਂ ਤੋਂ ਸਾਂਝੀ ਖੇਤੀ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਫਰਜ਼ੀ ਬੋਲੀਆਂ ਰਾਹੀਂ ਬੇਜ਼ਮੀਨੇ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ ਅਤੇ ਪਿੰਡਾਂ ’ਚ ਦਲਿਤ ਵਰਗ ਵਿਚ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ।

ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਜ਼ਮੀਨ ਉੱਪਰ ਕਬਜ਼ਾ ਬਰਕਰਾਰ ਰੱਖਿਆ ਜਾਵੇਗਾ। ਅੰਤ ਵਿੱਚ ਆਗੂਆਂ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 13 ਅਗਸਤ ਦੇ ਪਟਿਆਲਾ ਧਰਨੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਹੇੜੀਕੇ, ਸ਼ਿੰਗਾਰਾ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਨਾਹਰ ਸਿੰਘ, ਜੱਸੀ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ, ਹਰਬੰਸ ਕੌਰ, ਕਿਰਨਦੀਪ ਕੌਰ, ਚਰਨਜੀਤ ਕੌਰ ਅਤੇ ਜਸਬੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ