(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਪ੍ਰਸਿੱਧ ਸੀਨੀਅਰ ਖੇਡ ਪੱਤਰਕਾਰ ਅਤੇ ਨਿਊਜ਼ ਏਜੰਸੀ ਯੂਨਾਈਟੇਡ ਨਿਊਜ਼ ਆਫ ਇੰਡੀਆ (ਯੂਐਨਆਈ) ਦੇ ਖੇਡ ਸੰਪਾਦਕ ਵਜੋਂ ਰਹੇ ਹਰਪਾਲ ਸਿੰਘ ਬੇਦੀ (Harpal Singh Bedi) ਦਾ ਸ਼ਨਿੱਚਰਵਾਰ ਨੂੰ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਬੇਦੀ ਪਿਛਲੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਰੇਵਤੀ ਅਤੇ ਧੀ ਪੱਲਵੀ ਹਨ। ਹਾਕੀ ਇੰਡੀਆ ਸਮੇਤ ਕਈ ਖੇਡ ਸੰਸਥਾਵਾਂ ਤੇ ਖੇਡ ਹਸਤੀਆਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ: ਛੱਤੀਸਗੜ੍ਹ ਮੁਕਾਬਲੇ ’ਚ 8 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
ਹਰਪਾਲ ਬੇਦੀ (Harpal Singh Bedi) 31 ਸਾਲ ਦੀਆਂ ਸੇਵਾਵਾਂ ਪੂਰੀ ਕਰਨ ਤੋਂ ਅਪਰੈਲ 2011 ’ਚ ਯੂਐਨਆਈ ਤੋਂ ਸੇਵਾ ਮੁਕਤ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਅਖਬਾਰ ‘ਸਟੇਟਸਮੈਨ’ ’ਚ ਬਤੌਰ ਸਲਾਹਕਾਰ ਸੰਪਾਦਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਕੈਰੀਅਰ ’ਚ ਅੱਠ ਓਲੰਪਿਕ ਖੇਡਾਂ ਤੋਂ ਇਲਾਵਾ ਕਈ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਦੇ ਕਈ ਸੈਸ਼ਨਾਂ ਨੂੰ ਆਨ ਗਰਾਊਂਡ ਕਵਰ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕ੍ਰਿਕਟ ਅਤੇ ਹਾਕੀ ਦੇ ਵਿਸ਼ਵ ਕੱਪ ਅਤੇ ਐਥਲੈਟਿਕਸ ਅਤੇ ਹੋਰ ਮੁਖ ਓਲੰਪਿਕ ਖੇਡਾਂ ਦੀ ਵਿਸ਼ਵ ਪੱਧਰ ’ਤੇ ਰਾਸ਼ਟਰੀ ਚੈਂਪੀਅਨਸ਼ਿਪ ਨੂੰ ਵੀ ਕਵਰ ਕੀਤਾ ਸੀ।