ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ ਬਣੇ ਨਾਇਡੂ

Vice President, Venkaiah Naidu, India

ਵੈਂਕਇਆ ਨਾਇਡੂ ਨੇ ਹਿੰਦੀ ਵਿੱਚ ਚੁੱਕੀ ਅਹੁਦੇ ਦੀ ਸਹੁੰ

Leaders

ਨਵੀਂ ਦਿੱਲੀ: ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ 13ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਹਿੰਦੀ ਵਿੱਚ ਅਹੁਦਾ ਅਤੇ ਭੇਦ ਗੁਪਤ ਰੱਖਣ ਦਾ ਹਲਫ਼ ਲਿਆ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਹੋਏ ਸਹੁੰ ਚੁੱਕ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਸਾਰੇ ਵੱਡੇ ਨੇਤਾ ਹਾਜ਼ਰ ਸਨ।  ਇਸ ਤੋਂ ਪਹਿਲਾਂ ਸ੍ਰੀ ਨਾਇਡੂ ਸਭ ਤੋਂ ਪਹਿਲਾਂ ਰਾਜਘਾਟ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਨਾਇਡੂ ਅੱਜ ਤੋਂ ਹੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਉਹ ਅੱਜ ਰਾਜ ਸਭਾ ਦੇ ਸਭਾਪਤੀ ਵਜੋਂ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ ਦਾ ਸੰਚਾਲਨ ਵੀ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਸਦਨ ਠੱਪ ਕਰਨ ਦੀ ਆਦਤ ਰੋਕਣ ਲਈ ਸਖ਼ਤੀ ਵਰਤਣ ਦੇ ਇਰਾਦੇ ਸਾਫ਼ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਦਨ ਚਲਾਉਣ ਲਈ ਉਹ ਨਿਯਮਾਂ ਨੂੰ ਲਾਗੂ ਕਰਨਗੇ। ਨਾਇਡੂ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਨਾਂਅ ਲਏ ਬਿਨਾਂ ਦੇਸ਼ ਦੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਦੇ ਮਾਹੌਲ ਵਾਲੇ ਬਿਆਨ ਨੂੰ ਵੀ ਰੱਦ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੀ ਅਸੁਰੱਖਿਆ ਦਾ ਮੁੱਦਾ ਸਿਰਫ਼ ਰਾਜਨੀਤਕ ਫਾਇਦੇ ਲਈ ਲਿਆ ਜਾ ਰਿਹਾ ਹੈ। ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਕਾਰਜਕਾਲ ਵੀਰਵਾਰ ਅੱਧੀ ਰਾਤ ਨੂੰ ਖਤਮ ਹੋ ਗਿਆ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਨਾਇਡੂ ਨੇ ਪੰਜ ਅਗਸਤ ਨੂੰ ਹੋਈਆਂ ਉਪ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਹਰਾਇਆ ਹੈ।

ਨਾਇਡੂ ਦਾ ਸਿਆਸੀ ਸਫ਼ਰ

  • ਵੈਂਕਈਆ ਨਾਇਡੂ ਦਾ ਜਨਮ 1 ਜੁਲਾਈ 1949 ਨੂੰ ਚਾਵਟਪਲੇਮ, ਨੇਲੋਰ ਜ਼ਿਲ੍ਹਾ, ਆਂਧਰਾ ਪ੍ਰਦੇਸ਼ ਦੇ ਇੱਕ ਕੰਮਾ ਪਰਿਵਾਰ ਵਿੱਚ ਹੋਇਆ।
  • 29 ਸਾਲ ਦੀ ਉਮਰ 1978 ਵਿੱਚ ਪਹਿਲੀ ਵਾਰ ਉਦੈਗਿਰੀ ਤੋਂ ਵਿਧਾਇਕ ਬਣੇ। ਵੈਂਕਈਆ ਨਾਇਡੂ ਆਂਧਰਾ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਬਣੇ।
  • ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਕੌਮੀ ਜਨਰਲ ਸਕੱਤਰ, ਕੌਮੀ ਬੁਲਾਰਾ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਪੇਂਡੂ ਵਿਕਾਸ ਮੰਤਰੀ ਦੀ ਜਿੰਮੇਵਾਰੀ ਵੀ ਸੰਭਾਲੀ।
  • ਭਾਵੇਂ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਪ ਰਾਸ਼ਟਰਪਤੀ ਅਹੁਦੇ ਲਈ ਦੱਖਣੀ ਭਾਰਤ ਤੋਂ ਆਉਣ ਵਾਲੇ ਵਿਅਕਤੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਉਪ ਰਾਸ਼ਟਰਪਤੀ ਦੱਖਣੀ ਭਾਰਤ ਤੋਂ ਰਹੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।