ਸ਼ਹੀਦੀ ਸਭਾ ਦੇ ਮਾਹੌਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ | Punjab
Punjab: (ਅਨਿਲ ਲੁਟਾਵਾ) ਅਮਲੋਹ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੇ ਮਾਹੌਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ ਲਾਊਡ ਸਪੀਕਰ ਤੇ ਟੇਪ ਰਿਕਾਰਡ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ’ਤੇ ਲਾਗੂ ਨਹੀਂ ਹੋਣਗੇ। ਇਸ ਤਰ੍ਹਾਂ ਹੀ ਸ਼ਹੀਦੀ ਸਭਾ ਦੇ ਏਰੀਏ ਵਿੱਚ 25 ਦਸੰਬਰ ਤੋਂ 28 ਦਸੰਬਰ ਤੱਕ ਆਮ ਪਬਲਿਕ ਜਾਂ ਪ੍ਰਾਈਵੇਟ ਵਿਅਕਤੀਆਂ ਵੱਲੋਂ ਡਰੋਨ ਕੈਮਰੇ ਉਡਾਉਣ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: Google Maps Big Change: ਗੂਗਲ ਮੈਪਸ ਨੇ ਕੀਤਾ ਵੱਡਾ ਬਦਲਾਅ, ਹੁਣ ਮੁਫਤ ‘ਚ ਮਿਲਣਗੀਆਂ ਇਹ ਸੇਵਾਵਾਂ
ਉਨ੍ਹਾਂ ਵੱਲੋਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਸ਼ਹੀਦੀ ਸਭਾ ਦੀ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹੀਦੀ ਸਭਾ ਦੇ ਏਰੀਏ ਵਿੱਚ ਹਰੇਕ ਕਿਸਮ ਦੀਆਂ ਸਰਕਸਾਂ, ਝੂਲੇ, ਡਾਂਸ ਅਤੇ ਧਾਰਮਿਕ ਮਹੌਲ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀਆਂ ਹੋਰ ਕਿਸੇ ਵੀ ਤਰਾਂ ਦੀਆਂ ਮਨੋਰੰਜਨ ਦੀਆਂ ਖੇਡਾਂ ਦਿਖਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸ਼ਹੀਦੀ ਸਭਾ ਦੇ ਏਰੀਏ ਵਿੱਚ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਆਦਿ ਅਤੇ ਤੇਜ਼ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, 1 ਦਸੰਬਰ ਤੋਂ 31 ਜਨਵਰੀ ਤੱਕ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਆਂਡੇ, ਮਾਸ-ਮੱਛੀ, ਤੰਬਾਕੂ, ਬੀੜੀ-ਸਿਗਰੇਟ ਵੇਚਣ ’ਤੇ ਵੀ ਪੂਰਨ ਪਾਬੰਦੀ ਲਗਾਈ ਹੈ।