ਕਿਸੇ ਵੀ ਭੋਜਨ ਉਤਪਾਦ ਦੇ ਨਾਂਅ ਜਾਂ ਬ੍ਰਾਂਡ ’ਚ ਹੁਣ ORS ਸ਼ਬਦ ਵਰਤਣ ’ਤੇ ਪਾਬੰਦੀ

ORS
ਕਿਸੇ ਵੀ ਭੋਜਨ ਉਤਪਾਦ ਦੇ ਨਾਂਅ ਜਾਂ ਬ੍ਰਾਂਡ ’ਚ ਹੁਣ ORS ਸ਼ਬਦ ਵਰਤਣ ’ਤੇ ਪਾਬੰਦੀ

ORS | ਐੱਫਐੱਸਐੱਸਏਆਈ ਨੇ ਜਾਰੀ ਕੀਤਾ ਆਦੇਸ਼

  • ਉਲੰਘਣਾ ਦੇ ਨਤੀਜੇ ਵਜੋਂ ਉਤਪਾਦ ਨੂੰ ਗਲਤ ਬ੍ਰਾਂਡ ਵਾਲਾ ਅਤੇ ਗੁੰਮਰਾਹਕੁੰਨ ਮੰਨਿਆ ਜਾਵੇਗਾ

ORS: ਨਵੀਂ ਦਿੱਲੀ (ਏਜੰਸੀ)। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਅਫਸਰਾਂ ਨੂੰ ਇੱਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਭੋਜਨ ਉਤਪਾਦ (ਚਾਹੇ ਫਲ-ਅਧਾਰਿਤ, ਗੈਰ-ਕਾਰਬੋਨੇਟਿਡ, ਜਾਂ ਪੀਣ ਲਈ ਤਿਆਰ ਪੀਣ ਵਾਲੇ ਪਦਾਰਥ) ਦੇ ਨਾਂਅ ਜਾਂ ਬ੍ਰਾਂਡ ਵਿੱਚ ਓਆਰਐੱਸ ਸ਼ਬਦ ਦੀ ਵਰਤੋਂ ਹੁਣ ਸਖ਼ਤੀ ਨਾਲ ਮਨਾਹੀ ਹੈ।

ਐੱਫਐੱਸਐੱਸਏਆਈ ਨੇ ਆਦੇਸ਼ ਵਿੱਚ ਕਿਹਾ ਕਿ ਇਹ ਆਦੇਸ਼ ਦੋ ਪਹਿਲਾਂ ਦੇ ਆਦੇਸ਼ਾਂ (14 ਜੁਲਾਈ, 2022, ਅਤੇ 2 ਫਰਵਰੀ, 2024) ਨੂੰ ਰੱਦ ਕਰਦਾ ਹੈ, ਭਾਵ ਉਨ੍ਹਾਂ ਆਦੇਸ਼ਾਂ ਨੂੰ ਹੁਣ ਰੱਦ ਮੰਨਿਆ ਜਾਵੇਗਾ। ਇਨ੍ਹਾਂ ਆਦੇਸ਼ਾਂ ਦੇ ਤਹਿਤ ਕੁਝ ਕੰਪਨੀਆਂ ਨੂੰ ਪਹਿਲਾਂ ਬ੍ਰਾਂਡ ਨਾਂਵਾਂ ਵਿੱਚ ‘ਓਆਰਐੱਸ’ ਸ਼ਬਦ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ, ਬਸ਼ਰਤੇ ਉਨ੍ਹਾਂ ਨੇ ਆਪਣੇ ਲੇਬਲਾਂ ’ਤੇ ਇੱਕ ਚਿਤਾਵਨੀ ਦਿੱਤੀ ਹੋਵੇ, ਜਿਸ ਵਿੱਚ ਕਿਹਾ ਗਿਆ ਹੋਵੇ ਕਿ ਉਤਪਾਦ ਡਬਲਿਊਐੱਚਓ ਵੱਲੋਂ ਸਿਫ਼ਾਰਸ਼ ਕੀਤਾ ਗਿਆ ਫਾਰਮੂਲਾ ਨਹੀਂ ਹੈ।

Read Also : ਪਰਾਲੀ ਅੱਗ, ਸਹੀ ਹੱਲ ਕਿਸਾਨਾਂ ਤੇ ਵਾਤਾਵਰਣ ਦੋਵਾਂ ਲਈ ਲਾਭਕਾਰੀ

ਪਰ ਹੁਣ ਐੱਫਐੱਸਐੱਸਏਆਈ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਭੋਜਨ ਉਤਪਾਦ ਦੇ ਨਾਂਅ, ਬ੍ਰਾਂਡ ਜਾਂ ਲੇਬਲ ਵਿੱਚ ‘ਓਆਰਐੱਸ’ ਸ਼ਬਦ (ਭਾਵੇਂ ਉਹ ਕਿਸੇ ਪ੍ਰਿਕਿਫਕਸ ਜਾਂ ਸਫਿਕਸ ਦੇ ਨਾਲ ਹੀ ਕਿਉਂ ਨਾ ਹੋਵੇ) ਦੀ ਵਰਤੋਂ ਖੁਰਾਕ ਸੁਰੱਖਿਆ ਐਕਟ 2006 ਅਤੇ ਇਸਦੇ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਹੈ। ਉਲੰਘਣਾ ਦੇ ਨਤੀਜੇ ਵਜੋਂ ਉਤਪਾਦ ਨੂੰ ਗਲਤ ਬ੍ਰਾਂਡ ਵਾਲਾ ਅਤੇ ਗੁੰਮਰਾਹਕੁੰਨ ਮੰਨਿਆ ਜਾਵੇਗਾ, ਧਾਰਾ 52 ਅਤੇ 53 ਦੇ ਤਹਿਤ ਸਜਾ ਅਤੇ ਜੁਰਮਾਨੇ ਦਾ ਪ੍ਰਬੰਧ ਹੈ।

ਐੱਫਐੱਸਐੱਸਏਆਈ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਮਿਸ਼ਨਰਾਂ ਨੂੰ ਖਪਤਕਾਰਾਂ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ ਅਤੇ ਝੂਠੇ ਉਤਪਾਦ ਦਾਅਵਿਆਂ ਤੋਂ ਬਚਾਉਣ ਲਈ ਇਸ ਆਦੇਸ਼ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ।