ਸਿਆਸਤਦਾਨਾਂ ਦੇ ਮੂੰਹ ‘ਤੇ ਚਪੇੜ ਹੈ ਇੱਕ ਵਿਦਿਆਰਥੀ ਵੱਲੋਂ ਮੁੱਖ ਮੰਤਰੀ ਕੋਲ ਪੇਪਰਾਂ ‘ਚ ਮਦਦ ਦੀ ਗੁਹਾਰ

Papers, ChiefMinister, Student

ਆਮ ਆਦੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਾਰੀ ਕੀਤੀ ਸਖ਼ਤ ਪ੍ਰਤੀਕ੍ਰਿਆ

ਚੰਡੀਗੜ, ਅਸ਼ਵਨੀ ਚਾਵਲਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸਿੱਖਿਆ ਦੇ ਨਿੱਘਰ ਚੁੱਕੇ ਮਿਆਰ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਸੰਪੂਰਨ ਰੂਪ ‘ਚ ਜ਼ਿੰਮੇਵਾਰ ਠਹਿਰਾਇਆ ਹੈ।

‘ਆਪ’ ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ‘ਚ ਪ੍ਰਿੰਸੀਪਲ ਬੁੱਧਰਾਮ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਸ ਵੀਡੀਓ ਕਲਿੱਪ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਇੱਕ ਸਕੂਲੀ ਵਿਦਿਆਰਥੀ ਵੱਲੋਂ 10ਵੀ ਅਤੇ 12ਵੀਂ ਜਮਾਤਾਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਸ਼ਬਦ ਵਰਤੇ ਗਏ ਹਨ, ਇਹ ਹਾਸੇ-ਮਜ਼ਾਕ ਦਾ ਵਿਸ਼ਾ ਨਹੀਂ ਸਗੋਂ ਸਕੂਲ ਸਿੱਖਿਆ ਦੇ ਗ਼ਰਕ ਹੋ ਚੁੱਕੇ ਮਿਆਰ ਦਾ ਗੰਭੀਰ ਵਿਸ਼ਾ ਅਤੇ ਉਨਾਂ ਸਿਆਸਤਦਾਨਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜਿੰਨਾ ਹੱਥ ਪਿਛਲੇ 40 ਸਾਲਾਂ ਤੋਂ ਪੰਜਾਬ ਦੀ ਸੱਤਾ ਰਹੀ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪਿਛਲੇ ਦਿਨੀਂ ਸਰਹੱਦੀ ਖੇਤਰ ਦੇ ਦੌਰੇ ‘ਤੇ ਨਿਕਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਜਨਤਕ ਮਿਲਣੀ ‘ਚ ਇੱਕ ਸਕੂਲੀ ਵਿਦਿਆਰਥੀ ਵੱਲੋਂ ਜਿਸ ਮਾਸੂਮ  ਹੌਸਲੇ ਨਾਲ ਸ਼ੁਰੂ ਹੋਈਆਂ ਬੋਰਡ ਪ੍ਰੀਖਿਆਵਾਂ ਲਈ ‘ਮਦਦ’ ਦੀ ਫਰਿਆਦ ਕੀਤੀ ਗਈ ਹੈ, ਇਹ ਸਿਆਸਤਦਾਨਾਂ ਨੂੰ ਸ਼ਰਮਸਾਰ ਕਰਨ ਦਾ ਸਿਖਰ ਹੈ। ਬੱਚੇ ਦੀ ਗੱਲ ਨੂੰ ਹਾਸੇ ਮਖ਼ੌਲ ‘ਚ ਲੈਂਦਿਆਂ ਬੇਸ਼ੱਕ ਮੁੱਖ ਮੰਤਰੀ ਨੇ ਇਹ ਕਹਿ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ‘ਪਾਸ ਹੋਵੇਂਗਾ ਜਾਂ ਨਹੀਂ’ ਪਰੰਤੂ ਵਿਦਿਆਰਥੀ ਦੇ ਮੋੜਵੇਂ ਜਵਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਜਵਾਬ ਕਰ ਦਿੱਤਾ ਕਿ ਅਸੀਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ, ਪਰ ਪਿਛਲੀ ਵਾਰ ਬਹੁਤ ਸਾਰੇ ਫ਼ੇਲ ਹੋ ਗਏ ਸੀ, ਇਸ ਲਈ ਤੁਸੀਂ ਪ੍ਰੀਖਿਆਵਾਂ ‘ਚ ਮਦਦ ਕਰ ਦਿਓ।

ਪ੍ਰਿੰਸੀਪਲ ਬੁੱਧਰਾਮ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਇਸ ਤੋਂ ਵੱਧ ਇੱਕ ਮੁੱਖ ਮੰਤਰੀ ਨੂੰ ਕੋਈ ਕੀ ਸੁਣਾ ਸਕਦਾ ਹੈ। ਇਸ ਲਈ ਉਹ ਸੂਬੇ ਦੇ ਸਰਕਾਰੀ ਸਕੂਲਾਂ ‘ਚ ਮਿਆਰੀ ਸਿੱਖਿਆ ਲਈ ਜੰਗੀ-ਪੱਧਰ ‘ਤੇ ਕਦਮ ਉਠਾਉਣ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਜੇਕਰ ਅੱਧੀ-ਅਧੂਰੀ ਤਾਕਤ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੰਤਰੀ ਮੁਨੀਸ਼ ਸਿਸੋਦੀਆ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰ ਸਕਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਕਰਦੇ?

ਪ੍ਰਿੰਸੀਪਲ ਬੁੱਧਰਾਮ ਨੇ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ‘ਤੇ ਵਰਦਿਆਂ ਕਿਹਾ ਕਿ ਇਨਾਂ ਸੱਤਾਧਾਰੀ ਦਲਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਪੰਜਾਬ ਅਤੇ ਦੇਸ਼ ਦੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਭੱਠਾ ਬਿਠਾਇਆ ਹੈ ਤਾਂ ਕਿ ਦਲਿਤਾਂ, ਗ਼ਰੀਬ ਕਿਸਾਨਾਂ ਸਮੇਤ ਆਮ ਆਦਮੀ ਦੇ ਬੱਚੇ ਮਿਆਰੀ ਅਤੇ ਕੁਸ਼ਲ ਵਿੱਦਿਆ ਤੋਂ ਹਮੇਸ਼ਾ ਲਈ ਵਾਂਝੇ ਰਹਿਣ ਸਕੂਲ ਸਿੱਖਿਆ ‘ਚ ਕਿਸੇ ਵਿਦਿਆਰਥੀ ਨੂੰ ਫ਼ੇਲ ਨਾ ਕਰਨ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਬੰਦ ਕਰਨ ਦੀ ਸਿੱਖਿਆ ਨੀਤੀ ਇਸੇ ਸਾਜ਼ਿਸ਼ ਦਾ ਹਿੱਸਾ ਸੀ। ਜਿਸ ਨਾਲ ਇੱਕ ਪੂਰੀ ਪੀੜੀ ਦਾ ਸੱਤਿਆਨਾਸ ਕਰ ਦਿੱਤਾ ਗਿਆ ਅਤੇ ਅੰਤ ਲੋਕਾਂ ਅਤੇ ਬੁੱਧੀਜੀਵੀ ਵਰਗ ਦੇ ਦਬਾਅ ਥੱਲੇ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਤਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਪਰੰਤੂ ਸਕੂਲੀ ਢਾਂਚੇ ਦੇ ਸੁਧਾਰ ਅਤੇ ਖ਼ਾਲੀ ਪਈਆਂ ਪੋਸਟਾਂ ਦੀ ਭਰਤੀ ਬਾਰੇ ਕੋਈ ਗੰਭੀਰਤਾ ਨਜ਼ਰ ਨਹੀਂ ਆ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here