ਵਿਧਾਨ ਸਭਾ ਦੇ ਘੱਟ ਬੈਠਕਾਂ ਕਾਰਨ ਆਪ ਤੇ ਅਕਾਲੀ ਦਲ ਨੇ ਕੀਤਾ ਜੰਮ ਕੇ ਹੰਗਾਮਾ
- ਅਮਰਿੰਦਰ ਸਿੰਘ ਵੱਲੋਂ 1984 ਦੇ ਨਾਜ਼ੁਕ ਮੁੱਦੇ ਦਾ ਸਿਆਸੀਕਰਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ
ਸ਼੍ਰੋਮਣੀ ਅਕਾਲ ਦਲ ਪ੍ਰਸ਼ਨ ਕਾਲ ਤੋਂ ਬਾਅਦ ਕਿਸਾਨੀ ਕਰਜ਼ੇ ਅਤੇ ਕੁਝ ਹੋਰ ਮੁਦਿਆ ‘ਤੇ ਕੰਮ ਰੋਕੋ ਪ੍ਰਸਤਾਵ ਲੈ ਕੇ ਆਉਣਾ ਚਾਹੁੰਦੀ ਸੀ ਪਰ ਇਸ ਪ੍ਰਸਤਾਵ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਵੀਕਾਰ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕੀਤਾ ਅਤੇ ਬੈਲ ਵਿੱਚ ਜਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਦੇਰ ਬਾਅਦ ਅਕਾਲੀ ਦਲ ਦੇ ਵਿਧਾਇਕ ਸਦਨ ਦੀ ਕਾਰਵਾਈ ਤੋਂ ਵਾਕ ਆਊਟ ਕਰਕੇ ਬਾਹਰ ਚਲੇ ਗਏ।
ਇਸ ਨਾਲ ਹੀ ਕਮਲ ਨਾਥ ਨੂੰ ਲੈ ਕੇ ਵੀ ਸਦਨ ਵਿੱਚ ਹੰਗਾਮਾ ਹੋਇਆ ਅਤੇ ਇਸ ਮੁੱਦੇ ‘ਤੇ ਖੜੇ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ 1984 ਦੇ ਦੰਗਿਆਂ ਦੇ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਦਿਆਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਹੈ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮਸਲੇ ‘ਤੇ ਵਿਧਾਨ ਸਭਾ ਵਿੱਚ ਧਿਆਨ ਦਵਾਊ ਮਤੇ ‘ਤੇ ਦਖਲ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸਾਬਕਾ ਕੇਂਦਰੀ ਮੰਤਰੀ ਵਿਰੁੱਧ ਦੋਸ਼ਾਂ ਦਾ ਸਬੰਧ ਹੈ, ਉਸ ਵਿੱਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।
ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਮਲ ਨਾਥ 10 ਸਾਲ ਤੋਂ ਵੱਧ ਸਮਾਂ ਕੇਂਦਰੀ ਮੰਤਰੀ ਰਹੇ ਹਨ। ਉਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਸੀਨੀਅਰ ਕਾਂਗਰਸੀ ਆਗੂ ਬਾਰੇ ਤੁੱਛ ਹਵਾਲੇ ਨੂੰ ਇਸ ਮਾਮਲੇ ਵਿੱਚ ਉਨਾਂ ਦੀ ਸ਼ਮੂਲੀਅਤ ਨਹੀਂ ਮੰਨੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਕਾਨੂੰਨ ਹੀ ਕਿਸੇ ਵਿਅਕਤੀ ਦੀ ਭੂਮਿਕਾ ਬਾਰੇ ਫੈਸਲਾ ਕਰ ਸਕਦਾ ਹੈ ਅਤੇ ਕਿਸੇ ਨੂੰ ਵੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ 1984 ਦੰਗਿਆਂ ਦੇ ਨਾਜ਼ੁਕ ਮੁੱਦੇ ‘ਤੇ ਫਾਇਦਾ ਨਹੀਂ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਮਲ ਨਾਥ ਨੂੰ ਬੁੱਕਾ ਭੇਟ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਸਾਬਕਾ ਕੇਂਦਰੀ ਮੰਤਰੀ ਨਾਲ ਮੀਟਿੰਗ ਬਾਰੇ ਵੀ ਇੱਕ ਤਸਵੀਰ ਵਿਖਾਈ। ਇਸ ਨਾਲ ਉਨਾਂ ਨੇ ਅਕਾਲੀ ਆਗੂਆਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮੁੱਦੇ ਦਾ ਸਿਆਸੀਕਰਨ ਕਰਨ ਦੇ ਤੱਥਾਂ ਨੂੰ ਉਭਾਰਿਆ।