ਸ਼ਿਵਪੁਰੀ ’ਚ ਬਣੀਆਂ ਦੁਕਾਨਾਂ ’ਤੇ ਚੱਲਿਆ ਪੀਲਾ ਪੰਜਾ

Unlawful Possession

ਵਿਰੋਧ ਕਰ ਰਹੇ ਲੋਕਾਂ ਅਤੇ ਦੁਕਾਨਦਾਰਾਂ ’ਤੇ ਪੁਲਿਸ ਨੇ ਵਰ੍ਹਾਏ ਡੰਡੇ

(ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਨਗਰ ਨਿਗਮ ਦੀ ਟੀਮ ਨੇ ਅੱਜ ਸ਼ਿਵਪੁਰੀ ’ਚ ਸਥਿਤ ਮਾਰਕੀਟ ਦੀਆਂ ਨਾਜਾਇਜ਼ (Unlawful Possession) ਦੁਕਾਨਾਂ ’ਤੇ ਪੀਲਾ ਪੰਜਾ ਚਲਾ ਦਿੱਤਾ। ਦੁਕਾਨਦਾਰਾਂ ਨੇ ਟੀਮ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਪੰਤੂ ਪੁਲਿਸ ਸੁਰੱਖਿਆ ਹੇਠ ਨਿਗਮ ਅਧਿਕਾਰੀਆਂ ਨੇ ਕਾਰਵਾਈ ਜਾਰੀ ਰੱਖੀ। ਦੁਕਾਨਦਾਰਾਂ ਦੇ ਵਿਰੋਧ ਦੇ ਬਾਵਜੂਦ ਦੁਕਾਨਾਂ ਦੀ ਭੰਨਤੋੜ ਜਾਰੀ ਰਹੀ। ਲੋਕਾਂ ਦੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਦੁਕਾਨਦਾਰਾਂ ਤੇ ਲੋਕਾਂ ’ਤੇ ਡੰਡੇ ਵੀ ਵਰ੍ਹਾਏ।

ਜਦੋਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਏਥੇ 40 ਸਾਲ ਤੋਂ ਬੈਠੇ ਹਨ ਅਤੇ ਉਨਾਂ ਕੋਲ ਰਜਿਸਟਰੀਆਂ ਵੀ ਹਨ ਫਿਰ ਵੀ ਨਗਰ ਨਿਗਮ ਉਨਾਂ ਨਾਲ ਧੱਕਾ ਕਰ ਰਿਹਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ। ਦੁਕਾਨਾਂ ਖਾਲੀ ਨਾ ਕਰਨ ਕਾਰਨ ਅੱਜ ਦੀ ਕਾਰਵਾਈ ਕੀਤੀ ਗਈ ਹੈ। ਲੋਕਾਂ ਵਿੱਚ ਨਿਗਮ ਅਧਿਕਾਰੀਆਂ ਖ਼ਿਲਾਫ਼ ਗੁੱਸਾ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਦੇ ਸਾਮਾਨ ਦਾ ਨੁਕਸਾਨ ਕੀਤਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਨਿਗਮ ਨੇ ਜਿਨਾਂ ਦੁਕਾਨਾਂ ’ਤੇ ਕਾਰਵਾਈ ਕੀਤੀ ਹੈ ਉਹ ਗਲਤ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਤਿੰਨ ਨੋਟਿਸ ਦੇਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਨਿਗਮ ਅਧਿਕਾਰੀਆਂ ਨੇ ਤਾਨਾਸ਼ਾਹੀ ਨਾਲ ਕੰਮ ਕੀਤਾ।

ਦੁਕਾਨਦਾਰ ਕਮਲ ਨੂੰ ਦਿਲ ਦਾ ਦੌਰਾ ਪਿਆ

ਗਰੀਬਾਂ ਨੂੰ ਦੁਕਾਨਾਂ ’ਚੋਂ ਸਮਾਨ ਵੀ ਬਾਹਰ ਵੀ ਨਹੀਂ ਕੱਢਣ ਦਿੱਤਾ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਔਰਤਾਂ ਦੀ ਵੀ ਕੁੱਟਮਾਰ ਕੀਤੀ। ਮਹਿਲਾ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਮਰਦ ਪੁਲਿਸ ਮੁਲਾਜ਼ਮਾਂ ਨੇ ਔਕਤਾਂ ਤੇ ਹੱਥ ਚੁੱਕਿਆ। ਲਾਠੀਆਂ ਨਾਲ ਕਈ ਲੋਕਾਂ ਦੇ ਹੱਥਾਂ ਦੀਆਂ ਉਂਗਲਾਂ ਟੁੱਟ ਗਈਆਂ ਹਨ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਕੋਲ ਰਜਿਸਟਰੀ ਵੀ ਹੈ, ਫਿਰ ਵੀ ਨਿਗਮ ਦੀ ਟੀਮ ਨੇ ਉਨ੍ਹਾਂ ਨਾਲ ਧੱਕਾ ਕੀਤਾ। ਇਸ ਦੌਰਾਨ ਇੱਕ ਦੁਕਾਨਦਾਰ ਕਮਲ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਇੱਥੇ 40 ਸਾਲਾਂ ਤੋਂ ਬੈਠੇ ਹਨ। (Unlawful Possession)

7 ਦਿਨ ਪਹਿਲਾਂ ਨਿਗਮ ਨੇ ਨੋਟਿਸ ਭੇਜਿਆ ਸੀ

ਟੈਕਸ ਵੀ ਸਮੇਂ ਸਿਰ ਅਦਾ ਕੀਤੇ ਜਾ ਰਹੇ ਹਨ। ਅਚਾਨਕ 7 ਦਿਨ ਪਹਿਲਾਂ ਨਿਗਮ ਨੇ ਉਸ ਨੂੰ ਨੋਟਿਸ ਭੇਜਿਆ ਸੀ। ਇਸ ਦੌਰਾਨ ਦੁਕਾਨਦਾਰਾਂ ਅਤੇ ਨਿਗਮ ਦੀ ਟੀਮ ਦੇ ਕਰਮਚਾਰੀਆਂ ਵਿਚਾਲੇ ਕਾਫੀ ਬਹਿਸ ਵੀ ਹੋਈ। ਟੀਮ ਨੂੰ ਪੁਲੀਸ ਦੀ ਮੱਦਦ ਲੈਣੀ ਪਈ। ਦੁਕਾਨਦਾਰਾਂ ਦੇ ਧਰਨੇ ਦੌਰਾਨ ਕਰੀਬ 4 ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਏ.ਸੀ.ਪੀ ਰਮਨਦੀਪ ਭੁੱਲਰ, ਐਸ.ਐਚ.ਓ ਦਰੇਸੀ, ਐਸ.ਐਚ.ਓ ਬਸਤੀ ਜੋਧੇਵਾਲ ਉਚ ਅਧਿਕਾਰੀ ਹਾਜ਼ਰ ਸਨ। ਸੁਰੱਖਿਆ ਪ੍ਰਬੰਧਾਂ ਲਈ 50 ਤੋਂ 70 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਲਈ ਕਹਿ ਚੁੱਕੇ ਹਨ ਪਰ ਉਹ ਹਰ ਵਾਰ ਗੱਲ ਨੂੰ ਅਣਗੌਲਿਆਂ ਕਰ ਦਿੰਦੇ ਹਨ।

ਇਸ ਲਈ ਇਸ ਵਾਰ ਕਾਰਵਾਈ ਹੋਣੀ ਯਕੀਨੀ ਸੀ। ਇਸ ਦੌਰਾਨ ਨਿਗਮ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਨਕਸ਼ੇ ਵੀ ਦਿਖਾਏ। ਦੂਜੇ ਪਾਸੇ ਨਿਗਮ ਅਧਿਕਾਰੀ ਦੁਕਾਨਦਾਰਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਦੁਕਾਨਦਾਰਾਂ ਅਨੁਸਾਰ ਉਨਾਂ ਕੋਲ ਪੂਰੇ ਦਸਤਾਵੇਜ਼ ਹਨ, ਫਿਰ ਵੀ ਨਿਗਮ ਦੀ ਟੀਮ ਉਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਾਰਵਾਈ ਨੂੰ ਰੋਕਣ ਲਈ ਭਾਜਪਾ ਆਗੂ ਵੀ ਮੌਕੇ ਤੇ ਪੁੱਜ ਗਏ। ਭਾਜਪਾ ਦੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਵੀ ਨਿਗਮ ਦੀ ਕਾਰਵਾਈ ਨੂੰ ਰੋਕਣ ਲਈ ਪੁੱਜੇ। ਦੇਬੀ ਨੇ ਕਿਹਾ ਕਿ ਸਰਕਾਰ ਧੱਕਾ ਕਰ ਰਹੀ ਹੈ। ਪੁਲਿਸ ਦੀ ਆੜ ਵਿੱਚ ਲੋਕਾਂ ਨਾਲ ਅੱਤਿਆਚਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਦੁਕਾਨਾਂ ਤੋਂ ਸਾਮਾਨ ਹਟਾਉਣ ਦਾ ਮੌਕਾ ਨਹੀਂ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ