ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੇ ਤੀਆਂ ਦੇ ਤਿਉਹਾਰ ਮੌਕੇ ਵਿਲੱਖਣ ਬੋਲੀਆਂ
ਕੋਟਕਪੂਰਾ (ਸੁਭਾਸ਼ ਸ਼ਰਮਾ)। ਨੇੜਲੇ ਪਿੰਡ ਹਰੀਨੌ ਦੀ ਦਾਣਾ ਮੰਡੀ ਵਿੱਚ ਪਿੰਡ ਦੀਆਂ ਨੌਜਵਾਨ ਕੁੜੀਆਂ, ਛੋਟੀਆਂ-ਛੋਟੀਆਂ ਬੱਚੀਆਂ ਅਤੇ ਮਾਤਾਵਾਂ ਨੇ ਤੀਆਂ ਦੇ ਤਿਉਹਾਰ ਦੇ ਅਖੀਰਲੇ ਦਿਨ ਖੂਬ ਮਨੋਰੰਜਨ ਕੀਤਾ। ਉੱਥੇ ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਪੱਖੀਆਂ, ਚਰਖੇ, ਬਾਗ ਫੁੱਲਕਾਰੀਆਂ ਅਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਵਸਤਾਂ ਦੀ ਬਕਾਇਦਾ ਨੁਮਾਇਸ਼ ਵੀ ਲਾਈ ਗਈ ਸੀ। ਬੀ.ਕੇ.ਯੂ. ਡਕੌਂਦਾ ਦੀ ਆਗੂ ਬੀਬੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ 8 ਦਿਨ ਦਾ ‘ਤੀਆਂ ਦਾ ਮੇਲਾ’ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ, ਕਿਉਂਕਿ ਪਿੰਡ ਦੀਆਂ ਸਾਰੀਆਂ ਔਰਤਾਂ ਨੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਸਬੂਤ ਦਿੰਦਿਆਂ 8 ਦਿਨ ਲਗਾਤਾਰ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਸੀ ਤੇ ਲਗਾਤਾਰ 7 ਦਿਨ ਰੋਜਾਨਾ ਸ਼ਾਮ ਨੂੰ ਸਾਰੀਆਂ ਭੈਣਾ ਨੇ ਰਲ ਕੇ ਗਿੱਧਾ ਪਾਉਣ ਤੇ ਤਿ੍ਰੰਝਣਾ ਦੇ ਗੀਤ ਗਾਉਣ ਦੇ ਨਾਲ-ਨਾਲ ਪੀਂਘਾਂ ਝੂਟ ਕੇ ਖੂਬ ਮਨੋਰੰਜਨ ਕੀਤਾ ਤੇ ਅੱਜ ਅਖੀਰਲੇ ਦਿਨ ਦੇਸ਼ ਦੇ ਹਾਕਮ ਨਰਿੰਦਰ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਨਸੀਅਤ ਦਿੰਦੀਆਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ।
ਸਾਉਣ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਦੀ ਖੁਸ਼ੀ ਮਨਾਉਂਦਿਆਂ ਕਰੀਬ ਹਰੇਕ ਬੁਲਾਰੇ ਨੇ ਕਿਸਾਨੀ ਸੰਘਰਸ਼ ਦੇ ਮੁੱਦੇ ’ਤੇ ਆਪੋ-ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦਾਅਵਾ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ, ਕਿਸਾਨ ਅਨੇਕਾਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਬਾਵਜੂਦ ਸਫਲਤਾਪੂਰਵਕ ਜਿੱਤ ਪ੍ਰਾਪਤ ਕਰਨਗੇ। ਆਪਣੇ ਸੰਬੋਧਨ ਦੌਰਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਪਿੰਡ ਹਰੀਨੌ ਦੇ ਵਸਨੀਕਾਂ ਨੂੰ ਪੁਰਾਤਨ ਸੱਭਿਆਚਾਰ ਜਿਉਂਦਾ ਰੱਖਣ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਊਧਮ ਸਿੰਘ ਔਲਖ ਜਿਲਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਫਰੀਦਕੋਟ ਸਮੇਤ ਭਾਰੀ ਗਿਣਤੀ ਵਿੱਚ ਵੀਰ, ਭੈਣਾ, ਬੱਚਿਆਂ ਅਤੇ ਬਜੁਰਗਾਂ ਨੇ ਸ਼ਮੂਲੀਅਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ