ਬੇਰੁਜਗਾਰ ਸਾਂਝਾ ਮੋਰਚਾ ਵੱਲੋਂ ਮੋਤੀ ਮਹਿਲ ਦਾ ਘਿਰਾਓ ਅੱਜ
ਪਟਿਆਲਾ, (ਸੱਚ ਕਹੂੰ ਨਿਊਜ)। ਰੁਜਗਾਰ ਪ੍ਰਾਪਤੀ ਲਈ 31 ਦਸੰਬਰ 2020 ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਬੈਠੇ ਬੇਰੁਜਗਾਰ ਸਾਂਝੇ ਮੋਰਚੇ ਨੇ ਪਿਛਲੇ ਦਿਨੀਂ 27 ਜੁਲਾਈ ਦੀ ਪੈਨਲ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਿੱਚ ਮੁੜ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਬੇਰੁਜਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕਿ੍ਰਸਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ 13 ਜੁਲਾਈ ਨੂੰ ਮੋਤੀ ਮਹਿਲ ਅੱਗੇ ਕੀਤੇ ਗੁਪਤ ਐਕਸ਼ਨ ਮਗਰੋਂ ਪਟਿਆਲਾ ਪ੍ਰਸਾਸ਼ਨ ਨੇ 20 ਜੁਲਾਈ ਲਈ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਸੀ। ਪ੍ਰੰਤੂ ਇਹ ਮੀਟਿੰਗ 27 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਸਿਰਫ ਸਿੱਖਿਆ ਮੰਤਰੀ ਨਾਲ ਕਰਵਾਈ ਗਈ, ਜਿਹੜੀ ਕਿ ਬੇਸਿੱਟਾ ਰਹੀ। ਕਿਉਂਕਿ ਮੰਤਰੀ ਨੇ ਮੋਰਚੇ ਵਿੱਚ ਸ਼ਾਮਿਲ ਕਿਸੇ ਵੀ ਜਥੇਬੰਦੀ ਨੂੰ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ਵਿੱਚ ਪੋਸਟਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਇਸ ਲਈ ਖਫਾ ਹੋਏ ਬੇਰੁਜਗਾਰ ਮੁੜ 31 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕਰਨਗੇ।
ਬੇਰੁਜਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਕਦੇ ਕਾਂਗਰਸ ਦੀ ਪ੍ਰਧਾਨਗੀ ਦਾ ਮੁੱਦਾ ਅਤੇ ਕਦੇ ਕੁਝ ਹੋਰ ਵਿਵਾਦ ਖੜ੍ਹੇ ਕਰਕੇ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਆਪਣੀ ਸੰਗਰੂਰ ਵਿਚਲੀ ਕੋਠੀ ਵਿੱਚ ਆਉਣ ਨੂੰ ਤਰਸ ਰਿਹਾ ਹੈ ਅਤੇ ਮੁੱਖ ਮੰਤਰੀ ਆਪਣੇ ਮਹਿਲ ਵੱਲ ਆਉਣ ਤੋਂ ਟਾਲਾ ਵੱਟ ਰਿਹਾ ਹੈ। ਖਫ਼ਾ ਹੋਏ ਬੇਰੁਜਗਾਰਾਂ ਨੇ 31 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਮੌਕੇ ਗਗਨਦੀਪ ਗਰੇਵਾਲ, ਪਰਤਿੰਦਰ ਕੌਰ ਸੁਨਾਮ,ਅਮਨ ਸੇਖਾ, ਸੰਦੀਪ ਗਿੱਲ,ਜਗਤਾਰ ਝਨੇੜੀ, ਮਨਦੀਪ ਸੰਗਰੂਰ, ਗੁਰਪ੍ਰੀਤ ਲਾਲਿਆਂਵਾਲੀ, ਰਾਜ ਸੰਗਤੀਵਾਲਾ, ਰਵਿੰਦਰ ਮੂਲਾ ਸਿੰਘ ਵਾਲਾ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ