ਸਿੱਖਿਆ ਮੰਤਰੀ ਨੂੰ ਘੇਰਨ ਪਹੁੰਚੇ ਬੇਰੁਜਗਾਰ ਅਧਿਆਪਕ ਪੁਲਿਸ ਹਿਰਾਸਤ ’ਚ

Unemployed Teachers Sachkahoon

ਸੰਗਰੂਰ, (ਗੁਰਪ੍ਰੀਤ ਸਿੰਘ)। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ 157 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰਾਂ ਨੇ ਸੰਗਰੂਰ ਦੇ ਰੈਸਟ ਹਾਊਸ ਪਹੁੰਚੇ ਵਿਜੈਇੰਦਰ ਸਿੰਗਲਾ ਖਿਲਾਫ਼ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮੋਰਚੇ ’ਤੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਜਿਉਂ ਹੀ ਪਤਾ ਲੱਗਾ ਤਾਂ ਘਿਰਾਓ ਦੀ ਯੋਜਨਾ ਉਲੀਕੀ। ਪ੍ਰਸ਼ਾਸਨ ਨੂੰ ਇਸ ਗੁਪਤ ਐਕਸ਼ਨ ਦਾ ਪਤਾ ਲੱਗ ਗਿਆ। ਮੋਰਚੇ ’ਤੇ ਹਾਜ਼ਰ ਬੇਰੁਜ਼ਗਾਰਾਂ ਨੂੰ ਰੋਕਣ ਲਈ ਸਖਤ ਬੈਰੀਕੈਡ ਲਾ ਕੇ, ਡੀਐਸਪੀ ਸਤਪਾਲ ਸ਼ਰਮਾ ਦੀ ਅਗਵਾਈ ਵਿੱਚ ਸਖਤ ਪ੍ਰਬੰਧ ਕੀਤੇ ਗਏ। ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੂੰ ਬਾਹਰ ਜਾਣ ਤੋਂ ਰੋਕ ਕੇ ਰੱਖਿਆ ਗਿਆ ਫੇਰ ਵੀ ਬੇਰੁਜਗਾਰਾਂ ਨੇ ਐਕਸਨ ਨੂੰ ਸਫਲ ਕਰਨ ਲਈ, ਹੋਰ ਬੇਰੁਜਗਾਰਾਂ ਨੂੰ ਬੁਲਾ ਕੇ ਰੈਸਟ ਹਾਊਸ ਦੇ ਗੇਟ ਉੱਤੇ ਅਚਾਨਕ ਪਹੁੰਚ ਕੇ ਮੁਰਦਾਬਾਦ ਦੇ ਨਾਹਰੇ ਲਗਾ ਦਿੱਤੇ।

ਪੁਲਿਸ ਵੱਲੋਂ ਲੜਕੀਆਂ ਸਮੇਤ ਇਕ ਦਰਜ਼ਨ ਦੇ ਕਰੀਬ ਬੇਰੁਜਗਾਰਾਂ ਨੂੰ ਰੈਸਟ ਹਾਊਸ ਦੇ ਗੇਟ ਤੋਂ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਸੰਗਰੂਰ ਵਿਖੇ ਲਿਜਾਇਆ ਗਿਆ। ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਆਪਣੀ ਕੋਠੀ ਦੇ ਗੇਟ ਉੱਤੇ 157 ਦਿਨਾਂ ਤੋਂ ਬੈਠੇ। ਬੇਰੁਜਗਾਰਾਂ ਦੀ ਗੱਲ ਨਹੀਂ ਸੁਣ ਰਹੇ।ਵਾਰ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਭੱਜ ਰ ਹੇ ਹਨ। ਗਿ੍ਰਫਤਾਰ ਕੀਤੇ ਬੇਰੁਜਗਾਰਾਂ ਵਿੱਚ ਸੰਦੀਪ ਗਿੱਲ, ਰਣਬੀਰ ਸਿੰਘ ਨਿਦਾਮਪੁਰ, ਸੰਦੀਪ ਨਾਭਾ, ਗੁਰਪ੍ਰੀਤ ਸਿੰਘ ਅਤੇ ਤਜਿੰਦਰ ਬਠਿੰਡਾ, ਪਰਮਿੰਦਰ ਸਿੰਘ ਸ਼ੇਰਪੁਰ, ਗਗਨਦੀਪ ਕੌਰ, ਕੁਲਵੰਤ ਸਿੰਘ ਕੋਟ ਸ਼ਮੀਰ ਅਤੇ ਕਿਰਨ ਈਸੜਾ ਆਦਿ ਸ਼ਾਮਿਲ ਹਨ।

ਵਰਨਣਯੋਗ ਹੈ ਕਿ ਸਿੱਖਿਆ ਮੰਤਰੀ 157 ਦਿਨਾਂ ਤੋਂ ਆਪਣੀ ਸਥਾਨਕ ਕੋਠੀ ਵਿੱਚ ਆਉਣ ਤੋਂ ਅਸਮਰੱਥ ਹਨ। ਬੀਤੇ ਕੱਲ੍ਹ ਵੀ ਕੱਚੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਪ੍ਰਦਰਸਨ ਕੀਤਾ ਸੀ। ਬੇਰੁਜ਼ਗਾਰਾਂ ਦੀਆਂ ਪੰਜ ਬੇਰੁਜਗਾਰ ਜਥੇਬੰਦੀਆਂ ਦਾ ਮੋਰਚਾ ਆਪਣੇ ਰੁਜਗਾਰ ਲਈ 31 ਦਿਸੰਬਰ ਤੋ ਸਿੱਖਿਆ ਮੰਤਰੀ ਦੇ ਗੇਟ ਉੱਤੇ ਬੈਠਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।