ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮੁੱਖ ਮੰਤਰੀ ਨਾਲ ਮੀਟਿੰਗ ਤੇ ਅੜੇ
- ਮੁੱਖ ਮੰਤਰੀ ਦੇ ਸ਼ਹਿਰ ਚ ਪਹਿਲਾਂ ਹੀ ਚੱਲ ਰਹੇ ਧਰਨਿਆਂ ਕਾਰਨ ਆਵਾਜਾਈ ਵਿਵਸਥਾ ਲੀਹੋਂ ਲੱਥੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਇੱਥੇ ਬਠਿੰਡਾ ਚੰਡੀਗੜ੍ਹ ਬਾਈਪਾਸ ਨੇੜੇ ਮੁੱਖ ਮਾਰਗ ਤੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਆਲਮ ਇਹ ਰਿਹਾ ਕਿ ਆਉਣ ਜਾਣ ਵਾਲੇ ਰਾਹਗੀਰ ਆਲੇ ਦੁਆਲੇ ਪਿੰਡਾਂ ਰਾਹੀਂ ਖੱਜਲ ਖੁਆਰ ਹੁੰਦੇ ਰਹੇ ।
ਉਧਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਚੱਲ ਰਹੇ ਦੂਜੇ ਧਰਨਿਆਂ ਕਾਰਨ ਪਹਿਲਾਂ ਹੀ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਹਿੱਲੀ ਹੋਈ ਹੈ। ਉਕਤ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਨਾਲ ਮੀਟਿੰਗ ਤੇ ਅੜੇ ਹੋਏ ਹਨ। ਜਾਣਕਾਰੀ ਅਨੁਸਾਰ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਪਿਛਲੇ ਕਾਫੀ ਸਮੇਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰਦੇ ਆ ਰਹੇ ਹਨ। ਮੋਤੀ ਮਹਿਲ ਦੇ ਘਿਰਾਓ ਦੌਰਾਨ ਅਨੇਕਾਂ ਵਾਰ ਪੁਲੀਸ ਨਾਲ ਧੋਖਾਧੜੀ ਸਮੇਤ ਲਾਠੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਅੱਜ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਪ੍ਰਦਰਸ਼ਨ ਕਰਨ ਦੀ ਥਾਂ ਪਟਿਆਲਾ ਤੋਂ ਲਗਪਗ ਅੱਠ ਕਿਲੋਮੀਟਰ ਦੂਰ ਮੁੱਖ ਹਾਈਵੇ ਜਾਮ ਕਰ ਦਿੱਤਾ । ਰੋਡ ਜਾਮ ਦੀ ਖ਼ਬਰ ਸੁਣਦਿਆਂ ਹੀ ਪਲੀਸ ਪ੍ਰਸ਼ਾਸਨ ਵਿੱਚ ਭਾਜੜ ਮੱਚ ਗਈ ਅਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਮਾਰਗ ਜਾਮ ਕਰ ਦਿੱਤਾ।
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਘਰ ਘਰ ਨੌਕਰੀ ਅਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦਾ ਇਹ ਵਾਅਦੇ ਜਿਉਂ ਦੀ ਤਿਉਂ ਹੀ ਲਟਕ ਰਹੇ ਹਨ ਕਿਉਂਕਿ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਲਈ ਬੇਰੁਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ ਡਾਂਗਾਂ ਨਾਲ ਕੁੱਟ ਕੇ ਗ੍ਰਿਫ਼ਤਾਰ ਕਰਕੇ ਥਾਣਿਆਂ ਵਿਚ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਫਿਰ 2022 ਵਿਧਾਨ ਸਭਾ ਦੀਆਂ ਵੋਟਾਂ ਲਈ ਅਜਿਹੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਫਿਰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹੁਣ ਇਨ੍ਹਾਂ ਰਾਜਨੀਤਕ ਧਿਰਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਬੇਰੁਜ਼ਗਾਰ ਮਨੀਸ਼ ਫ਼ਾਜ਼ਿਲਕਾ ਸੰਗਰੂਰ ਸਿਵਲ ਹਸਪਤਾਲ ਵਾਲੀ ਟੈੱਕੀ ਤੇ 21 ਅਗਸਤ ਤੋਂ ਰੁਜ਼ਗਾਰ ਪ੍ਰਾਪਤੀ ਲਈ ਟੈਂਕੀ ਤੇ ਚੜ੍ਹਿਆ ਹੋਇਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਰਵਾਈ ਜਾਵੇ ਤਾਂ ਜੋ ਉਹ ਸਿੱਧਾ ਸਰਕਾਰ ਨਾਲ ਗੱਲ ਕਰ ਸਕਣ। ਉਨ੍ਹਾਂ ਕਿਹਾ ਕਿ ਹਰ ਵਾਰ ਅਨੇਕਾਂ ਮੀਟਿੰਗਾਂ ਵਿੱਚ ਲਾਰੇ ਹੀ ਮਿਲੇ ਹਨ ।
ਸ਼ਾਮ ਛੇ ਵਜੇ ਖ਼ਬਰ ਲਿਖੇ ਜਾਣ ਤੱਕ ਮੁੱਖ ਹਾਈਵੇਅ ਜਾਮ ਕੀਤਾ ਹੋਇਆ ਸੀ । ਇਸ ਸਮੇਂ ਡੇਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਮੀਤ ਪ੍ਰਧਾਨ ਰਘਵੀਰ ਭਵਾਨੀਗੜ,ਆਂਗਨਵਾਡ਼ੀ ਜਥੇਬੰਦੀ ਤੋਂ ਖੁਸਦੀਪ ਸ਼ਰਮਾ ਅਤੇ ਗਗਨਦੀਪ ਕੌਰ,ਪ੍ਰਤਿੰਦਰ ਕੌਰ, ਅਮਨ ਸੇਖਾਂ, ਹਰਦੀਪ ਫ਼ਾਜ਼ਿਲਕਾ, ਨਰਿੰਦਰ ਕੰਬੋਜ, ਕੁਲਦੀਪ ਭੁਟਾਲ, ਸਰਬਰਿੰਦਰ ਮੱਤਾਂ ,ਗੁਰਸੇਵਕ ਸਿੰਘ, ਬਲਕਾਰ ਮੰਘਾਣੀਆਂ, ਬਲਰਾਜ ਮੋੜ ਗੁਰਪ੍ਰੀਤ ਸਰਾਂ,ਤਜਿੰਦਰ ਬਠਿੰਡਾ, ਰਣਬੀਰ ਨਦਾਮਪੁਰ ਸਮੇਤ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਮੌਜੂਦ ਸਨ । ਉਂਜ ਭਾਵੇਂ ਪੁਲੀਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਪਰ ਬੇਰੁਜ਼ਗਾਰ ਧਰਨੇ ਤੇ ਡਟੇ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ