ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੋਤੀ ਮਹਿਲ ਦੇ ਘਿਰਾਓ ਮੌਕੇ ਪੁਲਿਸ ਨਾਲ ਭਾਰੀ ਧੱਕਾ-ਮੁੱਕੀ

ਇੱਕ ਟੀਮ ਝਕਾਨੀ ਦੇ ਕੇ ਮੋਤੀ ਮਹਿਲ ਦੇ ਗੇਟ ਕੋਲ ਪੁੱਜੀ, ਪੁਲਿਸ ਤੇ ਕੁੱਟ-ਕੁਟਾਪਾ ਕਰਨ ਦਾ ਦੋਸ਼

  • ਵਿਧਾਇਕਾ ਬਰਜਿੰਦਰ ਕੌਰ ਵੀ ਬੇਰੁਜ਼ਗਾਰਾਂ ਨਾਲ ਧਰਨੇ ’ਚ ਡਟੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਅੱਜ ਮੋਤੀ ਮਹਿਲਾ ਦੇ ਕੀਤੇ ਘਿਰਾਓ ਦੌਰਾਨ ਵਾਈਪੀਐਸ ਚੌਂਕ ’ਤੇ ਜਿੱਥੇ ਪੁਲਿਸ ਨਾਲ ਭਾਰੀ ਧੱਕਾ-ਮੁੱਕੀ ਹੋਈ, ਉੱਥੇ ਹੀ ਮੋਰਚੇ ਦੇ ਦੂਜੀ ਟੀਮ ਦੇ ਬੇਰੁਜ਼ਗਾਰ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦਿੰਦਿਆਂ ਮੋਤੀ ਮਹਿਲ ਦੇ ਗੇਟ ਨੇੜੇ ਪੁੱਜ ਗਏ। ਉੱਥੇ ਪੁਲਿਸ ਨਾਲ ਇਨ੍ਹਾਂ ਬੇਰੁਜ਼ਗਾਰਾਂ ਦੀ ਝੜਪ ਵੀ ਹੋਈ ਅਤੇ ਪੁਲਿਸ ਵੱਲੋਂ ਇਨ੍ਹਾਂ ਦੀ ਖਿੱਚ-ਧੂਹ ਕਰਦਿਆ ਬੱਸਾਂ ਵਿੱਚ ਭਰ ਕੇ ਹਿਰਾਸਤ ਵਿੱਚ ਲੈ ਗਿਆ। ਵਾਈਪੀਐਸ ਚੌਂਕ ’ਤੇ ਮੋਰਚੇ ’ਤੇ ਦੂਜੇ ਸਾਥੀਆਂ ਵੱਲੋਂ ਆਪਣਾ ਧਰਨਾ ਠੋਕ ਦਿੱਤਾ ਗਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਬੇਰੁਜ਼ਗਾਰਾਂ ਨਾਲ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵੀ ਧਰਨੇ ਤੇ ਬੈਠੇ ਹੋਏ ਸਨ।

ਜਾਣਕਾਰੀ ਅਨੁਸਾਰ ਬੇਰੁਜ਼ਗਾਰ ਸਾਂਝਾ ਮੋਰਚਾ, ਜਿਸ ਵਿੱਚ ਪੰਜ ਬੇਰੁਜ਼ਗਾਰ ਜਥੇਬੰਦੀਆਂ ਟੈਟ ਪਾਸ ਬੇਰੁਜ਼ਗਾਰ ਬੀਅੱੈਡ ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ, ਬੇਰੁਜਗਾਰ 646 ਪੀਟੀਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਸ਼ਾਮਲ ਹਨ।

ਇਨ੍ਹਾਂ ਵੱਲੋਂ ਅੱਜ ਦੋ ਟੀਮਾਂ ਬਣਾ ਕੇ ਮੋਤੀ ਮਹਿਲ ਦੇ ਘਿਰਾਓ ਕੀਤਾ ਗਿਆ। ਇਸ ਸਾਂਝੇ ਮੋਰਚੇ ਵੱਲੋਂ ਇੱਥੇ ਬਰਾਂਦਾਰੀ ਵਿਖੇ ਇਕੱਠੇ ਹੋ ਕੇ ਦੁਪਹਿਰ ਮੌਕੇ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਇਨ੍ਹਾਂ ਦੇ ਧਰਨੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਵੱਲੋਂ ਸ਼ਮੂਲੀਅਤ ਕੀਤੀ ਗਈ। ਉਹ ਮੋਤੀ ਮਹਿਲ ਤੱਕ ਬੇਰੁਜ਼ਗਾਰਾਂ ਨਾਲ ਪੈਦਲ ਤੁਰ ਕੇ ਵਾਈਪੀਐਸ ਚੌਂਕ ’ਤੇ ਪੁੱਜੀ, ਜਿਸ ਕਾਰਨ ਪੁਲਿਸ ਵੱਲੋਂ ਅੱਜ ਲਾਠੀਆਂ ਤੋਂ ਆਪਣਾ ਹੱਥ ਘੁੱਟਿਆ ਗਿਆ।

ਇਸ ਦੌਰਾਨ ਜਦੋਂ ਵਾਈਪੀਐਸ ਚੌਂਕ ਤੋਂ ਬੇਰੁਜ਼ਗਾਰਾਂ ਦੀ ਇੱਕ ਟੀਮ ਵੱਲੋਂ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨਾਲ ਕਾਫ਼ੀ ਧੁੱਕਾ-ਮੁੱਕੀ ਹੋਈ। ਲੜਕੀਆਂ ਦੀ ਮਹਿਲਾ ਪੁਲਿਸ ਨਾਲ ਜਮ ਕੇ ਬਹਿਸ ਅਤੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਬੇਰੁਜ਼ਗਾਰਾਂ ਵੱਲੋਂ ਵਾਈਪੀਐਸ ਚੌਂਕ ’ਤੇ ਹੀ ਧਰਨਾ ਠੋਕ ਦਿੱਤਾ ਅਤੇ ਵਿਧਾਇਕ ਬਲਜਿੰਦਰ ਕੌਰ ਧਰਨੇ ’ਤੇ ਵੀ ਬੈਠ ਗਈ। ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਰਣਬੀਰ ਨਦਾਮਪੁਰ ਆਦਿ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਪੈਨਲ ਮੀਟਿੰਗ ਦੀ ਮੰਗ ਹੈ, ਹੋਰ ਕਿਸੇ ਵੀ ਮੰਤਰੀ ਦੇ ਹੱਥ ਕੁਝ ਨਹੀਂ ਹੈ।

ਕਾਂਗਰਸ ਸਰਕਾਰ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਭੱਜ ਚੁੱਕੀ ਹੈ

ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਭੱਜ ਚੁੱਕੀ ਹੈ, ਜਦੋਂ ਵੀ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਰੁਜ਼ਗਾਰ ਸਬੰਧੀ ਵਾਅਦੇ ਨੂੰ ਯਾਦ ਕਰਵਾਉਣ ਲਈ ਸੰਘਰਸ਼ ਕੀਤਾ ਹੈ ਤਾਂ ਸਰਕਾਰ ਵੱਲੋਂ ਡੰਡੇ ਵਰ੍ਹਾਕੇ ਥਾਣਿਆਂ ’ਚ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਵਿਧਾਇਕ ਬਲਜਿੰਦਰ ਕੌਰ ਨੇ ਵੀ ਅਮਰਿੰਦਰ ਸਿੰਘ ਸਰਕਾਰ ’ਤੇ ਰੱਜ ਕੇ ਵਾਰ ਕੀਤੇ ਗਏ ਅਤੇ ਬੇਰੁਜ਼ਗਾਰਾਂ ਨਾਲ ਹਰ ਹੀਲੇ ਡਟਣ ਦਾ ਐਲਾਨ ਕੀਤਾ ਗਿਆ।

ਕਈਆਂ ਦੇ ਕੱਪੜੇ ਪਾਟੇ, ਸੱਟਾਂ ਲੱਗੀਆਂ

ਇਸ ਦੌਰਾਨ ਕਈ ਬੇਰੁਜ਼ਗਾਰਾਂ ਨੇ ਦੱਸਿਆ ਕਿ ਮੋਤੀ ਮਹਿਲ ਨੇੜੇ ਪੁੱਜਣ ’ਤੇ ਪੁਲਿਸ ਵੱਲੋਂ ਉਨ੍ਹਾਂ ਦੇ ਲਾਠੀਆਂ ਵਰਸਾਈਆਂ ਗਈਆਂ। ਕਈਆਂ ਨੇ ਆਪਣੇ ਸਰੀਰ ’ਤੇ ਲਾਠੀਆਂ ਦੇ ਪਏ ਨੀਲ ਵੀ ਦਿਖਾਏ, ਕਈਆਂ ਨੇ ਖਿੱਚ ਧੂਹ ਵਿੱਚ ਆਪਣੇ ਪਾਟੇ ਹੋਏ ਕੱਪੜੇ ਵੀ ਦਿਖਾਏ। ਬੇਰੁਜ਼ਗਾਰਾਂ ਨੇ ਕਿਹਾ ਕਿ ਮੋਤੀ ਮਹਿਲ ’ਚੋਂ ਕਿਸੇ ਅਧਿਕਾਰੀ ਵੱਲੋਂ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਥਾਣਿਆਂ ’ਚ ਬੰਦ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।