ਬੇਰੁਜਗਾਰ ਈਟੀਟੀ ਟੈੱਟ ਅਧਿਆਪਕਾਂ ਵੱਲੋਂ ਰੈਸਟ ਹਾਊਸ ਦਾ ਘਿਰਾਓ

Unemployed ETT Teachers

ਸਿੱਖਿਆ ਮੰਤਰੀ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ

ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ। ਸੰਗਰੂਰ ਵਿਖੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਰੈਸਟ ਹਾਊਸ ਦਾ ਘਿਰਾਓ ਕੀਤਾ ਗਿਆ ਜਾਣਕਾਰੀ ਅਨੁਸਾਰ ਅੱਜ ਜਦੋਂ ਦੁਪਹਿਰ ਸਮੇਂ ਸਿੱਖਿਆ ਮੰਤਰੀ ਰੈਸਟ ਹਾਊਸ ਵਿੱਚ ਮੌਜੂਦ ਸਨ ਤਾਂ ਉਸ ਸਮੇਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਤੇ ਸਾਂਝਾ ਬੇਰੁਜਗਾਰ ਮੋਰਚਾ ਨੇ ਚੁੱਪ ਚੁਪੀਤੇ ਆ ਕੇ ਰੈਸਟ ਹਾਊਸ ਕੋਲ ਪਹੁੰਚ ਕੇ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ।

ਜਦੋਂ ਬੇਰੁਜਗਾਰ ਅਧਿਆਪਕ ਰੈਸਟ ਹਾਊਸ ਦੇ ਬਾਹਰ ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜੀ ਕਰ ਰਹੇ ਸਨ ਤਾਂ ਪ੍ਰਸ਼ਾਸਨ ਵੱਲੋਂ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਕੁਲਦੀਪ ਖੋਖਰ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬੇਰੁਜਗਾਰ ਅਧਿਆਪਕਾਂ ਦੇ ਰੋਹ ਅੱਗੇ ਪ੍ਰਸ਼ਾਸਨ ਸੂਬਾ ਪ੍ਰਧਾਨ ਦੀਪਕ ਕੰਬੋਜ਼ ਤੇ ਕੁਲਦੀਪ ਖੋਖਰ ਨੂੰ ਛੱਡਣ ਲਈ ਮਜਬੂਰ ਹੋਇਆ। ਇਸ ਮੌਕੇ ਬੇਰੁਜਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਕੁਲਦੀਪ ਖੋਖਰ, ਨਿਰਮਲ ਜੀਰਾ, ਸੁਲਿੰਦਰ ਕੰਬੋਜ ਤੇ ਸੋਨੀਆ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਅਧਿਆਪਕਾਂ ਨੂੰ ਰੁਜਗਾਰ ਦੇਣ ਦੀ ਬਜਾਏ ਉਨ੍ਹਾਂ ਦੀਆਂ ਹੱਕੀ ਪੋਸਟਾਂ ਵੀ ਉਨ੍ਹਾਂ ਤੋਂ ਖੋਹੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ 25 ਨੰਬਰ ਦੇ ਕੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਅੱਗੇ ਖੜ੍ਹਾ ਕਰ ਰਹੀ ਹੈ। ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰਕੇ ਆਪਣੀਆਂ ਪੋਸਟਾਂ ਪ੍ਰਾਪਤ ਕਰਦੇ ਹਨ। ਇਸ ਲਈ ਪਹਿਲਾਂ ਹੱਕ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਬਣਦਾ ਹੈ ਪਰੰਤੂ ਪੰਜਾਬ ਸਰਕਾਰ ਉਨ੍ਹਾਂ ਤੋਂ ਇਹ ਹੱਕ ਖੋਹ ਰਹੀ ਹੈ। ਇਸ ਲਈ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸੰਘਰਸ਼ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸਦੀ ਜੁੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਮੌਜੂਦ ਹਰਦੀਪ ਸਿੰਘ ਡਿਬਡਿਬਾ, ਹਰਬੰਸ ਪਟਿਆਲਾ, ਸੁਖਚੈਨ ਪਟਿਆਲਾ, ਲਾਡੀ ਮਾਨਸਾ, ਗੁਰਦੀਪ ਮਾਨਸਾ, ਸੁਮੀਤ ਕੰਬੋਜ, ਬਲਵਿੰਦਰ ਨਾਭਾ, ਅਮਰਿੰਦਰ ਜੌਨੀ, ਬੇਅੰਤ ਮਾਨਸਾ ਤੇ ਦਿਲਪ੍ਰੀਤ ਸੰਗਰੂਰ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।