ਮੋਟਰਸਾਇਕਲ ਦੇ ਸੜਕ ਕਿਨਾਰੇ ਖੜ੍ਹੇ ਦਰਖ਼ਤ ਨਾਲ ਟਕਰਾ ਜਾਣ ਕਾਰਨ ਵਾਪਰਿਆ ਹਾਦਸਾ
(ਜਸਵੀਰ ਸਿੰਘ ਗਹਿਲ) ਬਰਨਾਲਾ। ਲੰਘੀ ਰਾਤ ਪਿੰਡ ਨਾਈਵਾਲਾ- ਚੀਮਾ ਲਿੰਕ ਸੜਕ ’ਤੇ ਸੜਕ ਕਿਨਾਰੇ ਖੜ੍ਹੇ ਦਰੱਖ਼ਤ ਨਾਲ ਟਕਰਾ ਜਾਣ (Road Accident) ਕਾਰਨ ਮੋਟਰਸਾਇਕਲ ਚਾਲਕ ਦੀ ਮੌਤ ਤੇ ਇੱਕ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਲੱਖਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਜੰਗੀਆਣਾ ਆਪਣੇ ਭਾਣਜੇ ਓਮ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਤਾਜੋਕੇ ਨੂੰ ਦਵਾਈ ਦਿਵਾ ਕੇ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਵੱਲ ਨੂੰ ਪਰਤ ਰਹੇ ਸਨ। ਜਦ ਉਹ ਪਿੰਡ ਨਾਈਵਾਲਾ ਤੋਂ ਚੀਮਾ ਵਿਚਕਾਰ ਪਹੁੰਚੇ ਤਾਂ ਰਜਵਾਹੇ ਲਾਗੇ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਹੀ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਿਆ।
ਜਿਸ ਕਾਰਨ ਮੋਟਰਸਾਇਕਲ ਚਲਾ ਰਹੇ ਲੱਖਾ ਸਿੰਘ ਦੀ ਹਾਦਸੇ ਵਾਲੀ ਜਗ੍ਹਾ ’ਤੇ ਹੀ ਮੌਤ (Road Accident) ਹੋ ਗਈ ਜਦਕਿ ਪਿੱਛੇ ਬੈਠਾ ਓਮ ਕਰਨ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸਨੂੰ ਅੱਜ ਸੁਵੱਖ਼ਤੇ ਰਾਹਗੀਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ। ਜਿੱਥੇ ਡਾਕਟਰਾਂ ਨੇ ਓਮ ਕਰਨ ਸਿੰਘ ਦੀ ਹਾਲਤ ਨੂੰ ਭਾਂਪਦਿਆਂ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰ ਦਿੱਤਾ। ਪੱਖੋ ਕੈਂਚੀਆਂ ਪੁਲੀਸ ਚੌਂਕੀ ਦੇ ਇੰਚਾਰਜ ਸਤਿੰਦਰਪਾਲ ਸਿੰਘ ਮੁਤਾਬਕ ਹਾਦਸੇ ’ਚ ਮਿ੍ਰਤਕ ਲੱਖਾ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਵਾਪਰਨ ਤੋਂ ਬਾਅਦ ਦੋਵੇਂ ਪੂਰੀ ਰਾਤ ਘਟਨਾਂ ਸਥਾਨ ’ਤੇ ਹੀ ਡਿੱਗੇ ਪਏ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ